ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਅਪਰੈਲ
ਜਲਾਲਾਬਾਦ ਰੋਡ ’ਤੇ ਉਸਾਰੀ ਅਧੀਨ ਪਹਿਲੇ ਫਲਾਈਓਵਰ ਦਾ ਕੰਮ ਲੰਬੇ ਸਮੇਂ ਤੋਂ ਅਧੂਰਾ ਪਿਆ ਹੈ। ਕਦੇ ਜਗ੍ਹਾ ਦੇ ਝਗੜੇ ਕਦੇ ਸੀਵਰੇਜ ਤੇ ਹੁਣ ਰਾਜਸੀ ਦਬਾਅ ਕਾਰਨ ਜਲਾਲਾਬਾਦ ਰੋਡ ’ਤੇ ਫਲਾਈਓਵਰ ਜਿਥੇ ਸਿਰਦਰਦ ਬਣਿਆ ਹੋਇਆ ਹੈ, ਉਥੇ ਮਹਿਕਮਾ ਕੰਮ ਸ਼ੁਰੂ ਕਰਕੇ ਕੋਈ ਪ੍ਰੇਸ਼ਾਨੀ ਮੁੱਲ ਨਹੀਂ ਲੈਣਾ ਚਾਹੁੰਦਾ। ਪੁਲ ਦੀ ਉਸਾਰੀ ਸਮੇਂ ਪੰਜਾਬ ’ਚ ਤੀਜੀ ਸਰਕਾਰ ਤੇ ਤੀਜਾ ਰਾਜਸੀ ਬਦਲ ਆਇਆ ਹੈ ਪਰ ਅਜੇ ਵੀ ਪੁਲ ਦੀ ਉਸਾਰੀ ’ਚ ਤੇਜ਼ੀ ਨਹੀਂ ਆਈ। ਪੁਰਾਣੀ ਮੰਡੀ ਦੇ ਗੇਟ ਤੋਂ ਟਿੱਬੀ ਸਾਹਿਬ ਰੋਡ ਨੂੰ ਲਿੰਕ ਕਰਨ ਲਈ ਦਲੀਲ ਹੈ ਕਿ ਰਾਸਤਾ ਹੋਣਾ ਜ਼ਰੂਰੀ ਹੈ। ਗੇਟ ਨਾ ਦੇਣ ਲਈ ਤਕਨੀਕੀ ਰੁਕਾਵਟ ਹੈ। ਅੱਗੇ ਸੜਕ ’ਤੇ ਮੁੜਣ ਲਈ ਕਾਨੂੰਨ ਅਨੁਸਾਰ ਜਗ੍ਹਾ ਨਹੀਂ ਹੈ।
ਹਾਈ ਕੋਰਟ ਦੇ ਆਦੇਸ਼ ਵੀ ਇਸ ਪੁਲ ’ਤੇ ਪੰਜ ਸੌ ਮੀਟਰ ਦੇ ਘੇਰੇ ’ਚ ਨਾਜਾਇਜ਼ ਕਬਜ਼ੇ ਹਟਾਉਣ ਲਈ ਕਾਮਯਾਬ ਨਹੀਂ ਹੋਏ। ਮਹਿਕਮਾ ਜੇ ਆਪਣੀ ਦੁਚਿੱਤੀ ’ਚੋਂ ਨਿਕਲ ਕੇ ਕਿਸੇ ਨਿਰੋਲ ਪੱਖ ’ਤੇ ਵੀ ਕੰਮ ਸ਼ੁਰੂ ਕਰੇ ਤਾਂ ਵੀ ਪੁਲ ਮੁਕੰਮਲ ਹੋਣ ’ਤੇ ਛੇ ਮਹੀਨੇ ਲੱਗ ਜਾਣਗੇ। 2008 ’ਚ ਇਸ ਪੁਲ ਦਾ ਸਰਵੇ ਹੋਇਆ ਸੀ ਜਦੋਂਕਿ 30 ਨਵੰਬਰ 2009 ਨੂੰ ਪੰਜਾਬ ਸਰਕਾਰ ਵੱਲੋਂ ਇਸ ਪੁਲ ਨੂੰ ਮਨਜ਼ੂਰੀ ਮਿਲੀ ਸੀ। ਜਿਸ ਦਾ 2014 ’ਚ ਨੀਂਹ ਪੱਥਰ ਰੱਖਿਆ ਸੀ। ਇਸ ਸਾਢੇ 7 ਮੀਟਰ ਚੌੜੇ ਤੇ 698 ਮੀਟਰ ਲੰਬੇ ਪੁਲ ’ਚੋਂ 85 ਮੀਟਰ ਰੇਲਵੇ ਨੇ ਤੇ ਬਾਕੀ ਪੰਜਾਬ ਸਰਕਾਰ ਨੇ ਤਿਆਰ ਕਰਨਾ ਸੀ। ਇਸ ਪੁਲ ’ਤੇ 38 ਕਰੋੜ ਰੁਪਏ ਖਰਚ ਆਉਣਾ ਸੀ। ਇਸ ’ਚੋਂ 17.25 ਕਰੋੜ ਰੁਪਏ ਰੇਲਵੇ ਨੂੰ ਜਮ੍ਹਾਂ ਕਰਵਾਏ ਗਏ ਸਨ। ਠੇਕੇਦਾਰ ਨੂੰ ਉਸਾਰੀ ਦਾ ਕੰਮ 16 ਜਨਵਰੀ 2019 ਨੂੰ ਅਲਾਟ ਹੋਇਆ ਸੀ ਤੇ 15 ਮਹੀਨੇ ਦਾ ਸਮਾਂ ਕੰਮ ਮੁਕੰਮਲ ਕਰਨ ਲਈ ਮਿਲਿਆ ਸੀ। ਇਹ ਪੁਲ ਦੀ ਉਸਾਰੀ ਅਪ੍ਰੈਲ 2020 ਤੱਕ ਪੂਰੀ ਹੋਣੀ ਸੀ ਪਰ ਦਸੰਬਰ 2022 ਤੱਕ ਵੀ ਪੂਰੀ ਹੋਣ ਦੀ ਉਮੀਦ ਨਹੀਂ ਹੈ।
ਰੇਲਵੇ ਦਾ ਹਿੱਸਾ 30 ਅਕਤੂਬਰ 2021 ਨੂੰ ਪੂਰਾ ਹੋ ਚੁੱਕਾ ਸੀ ਪਰ ਪੰਜਾਬ ਸਰਕਾਰ ਦੇ ਹਿੱਸੇ ਦਾ ਕੰਮ ਅਧੂਰਾ ਹੈ ਤੇ ਅਖੀਰਲੇ ਸਾਹਾਂ ’ਤੇ ਹੈ। ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਸੁਝਾਅ ਦਿੱਤਾ ਹੈ ਕਿ ਪੁਲ ਦੇ ਅੜਿੱਕੇ ਦੂਰ ਕਰਨ ਲਈ ਤੇ ਕੰਮ ਪੂਰਾ ਕਰਨ ਲਈ ਇਕ ਤਕਨੀਕੀ ਕਮਿਸ਼ਨ ਨਿਯੁਕਤ ਕੀਤਾ ਜਾਵੇ ਜੋ ਹਰ ਪੱਖੋਂ ਜਾਂਚ ਕਰੇ ਤੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਆਪਣੀ ਨਿਗਰਾਨੀ ਵਿਚ ਪੁਲ ਦੀ ਉਸਾਰੀ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਏ।