ਜਸਵੰਤ ਜੱਸ
ਫ਼ਰੀਦਕੋਟ, 27 ਜੂਨ
ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਰੀਬ ਪੰਜ ਸੌ ਪਿੰਡਾਂ ਨੂੰ ਬਿਜਲੀ ਦੇਣ ਵਾਲੇ ਪਾਵਰ ਗਰਿੱਡ ਜੋ ਸਾਦਿਕ ਕਸਬੇ ਵਿੱਚ ਸਥਾਪਤ ਕੀਤਾ ਗਿਆ ਹੈ, ਅਚਾਨਕ ਖ਼ਰਾਬ ਹੋ ਗਿਆ ਹੈ। ਇਸ ਕਰਕੇ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਦੇ ਪੰਜ ਸੌ ਪਿੰਡਾਂ ਨੂੰ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸੂਚਨਾ ਅਨੁਸਾਰ ਬਿਜਲੀ ਦੇ ਗਰਿੱਡ ਦੇ ਟੈਂਕ ਵਿੱਚ ਕਰੀਬ 60 ਹਜ਼ਾਰ ਲਿਟਰ ਤੇਲ ਸੀ ਅਤੇ ਤਕਨੀਕੀ ਖ਼ਰਾਬੀ ਕਾਰਨ ਇਹ ਤੇਲ ਲੀਕ ਹੋ ਗਿਆ ਜਿਸ ਕਰਕੇ ਗਰਿੱਡ ਦੇ ਇੱਕ ਹਿੱਸੇ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਹਾਲਾਂਕਿ ਗਰਿੱਡ ਤੇ ਕੰਮ ਕਰ ਰਹੇ ਇੰਜਨੀਅਰਾਂ ਨੇ ਅੱਗ ਦੇ ਵਧਣ ਉਪਰ ਕਾਬੂ ਪਾ ਲਿਆ ਪ੍ਰੰਤੂ ਅੱਗ ਲੱਗਣ ਕਾਰਨ ਗਰਿੱਡ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਜਿਸ ਕਰਕੇ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਦੀ ਪੰਜ ਸੌ ਪਿੰਡਾਂ ਵਿੱਚ ਝੋਨੇ ਦੀ ਲੁਆਈ ਵੀ ਵੱਡੀ ਪੱਧਰ ਤੇ ਪ੍ਰਭਾਵਿਤ ਹੋਈ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਨੂੰ ਜਲਾਲਾਬਾਦ ਅਤੇ ਗੁਰੂਹਰਸਾਏ ਦੀਆਂ ਗਰਿੱਡਾਂ ਤੋਂ ਕੁਝ ਸਮੇਂ ਲਈ ਬਿਜਲੀ ਸਪਲਾਈ ਸ਼ੁਰੂ ਕੀਤੀ ਹੈ ਜਦੋਂ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਨੂੰ ਮੁਕਤਸਰ ਅਤੇ ਫਰੀਦਕੋਟ ਜ਼ਿਲ੍ਹੇ ਦੀ ਬਾਕੀ ਗਰਿੱਡਾਂ ਤੋਂ ਬਿਜਲੀ ਸਪਲਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਭਾਵਿਤ ਪਿੰਡਾਂ ‘ਚ ਹੁਣ ਸਿਰਫ ਚਾਰ ਘੰਟੇ ਬਿਜਲੀ ਹੀ ਦਿੱਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਾਵਰ ਗਰਿੱਡ ਦੀ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਲੋੜੀਂਦੀ ਚੈਕਿੰਗ ਹੋਣੀ ਚਾਹੀਦੀ ਸੀ ਤਾਂ ਜੋ ਲੋੜ ਅਨੁਸਾਰ ਬਿਜਲੀ ਦੀ ਪੂਰਤੀ ਕੀਤੀ ਜਾ ਸਕੇ।
ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਗਰਿੱਡ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਮੁੰਬਈ ਤੋਂ ਗਰਿੱਡ ਦੀ ਮੁਰੰਮਤ ਲਈ ਵਿਸ਼ੇਸ਼ ਇੰਜਨੀਅਰ ਬੁਲਾਏ ਗਏ ਹਨ। ਉਨ੍ਹਾਂ ਕਿਹਾ ਕਿ ਗਰਿੱਡ ਦੇ ਟੈਂਕ ਲੀਕ ਹੋਣ ਕਾਰਨ ਇਸ ਵਿੱਚ ਬਚੇ ਤੇਲ ਵਿੱਚ ਨਮੀ ਸ਼ਾਮਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਤੱਕ ਗਰਿੱਡ ਦੇ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਗਰਿੱਡ ਨੂੰ ਹੋਏ ਨੁਕਸਾਨ ਨਾਲ ਇਲਾਕੇ ਵਿੱਚ ਝੋਨੇ ਦੀ ਬਿਜਾਈ ਪਛੜੀ ਹੈ। ਸਾਦਿਕ ਵਿੱਚ ਸਥਾਪਤ ਕੀਤੇ ਗਏ ਉੱਚ ਪੱਧਰੀ ਬਿਜਲੀ ਗਰਿੱਡ ਨੂੰ ਮੁੰਬਈ ਦੀ ਇਕ ਨਿੱਜੀ ਕੰਪਨੀ ਚਲਾ ਰਹੀ ਹੈ। ਦਸ ਸਾਲ ਪਹਿਲਾਂ ਸਥਾਪਤ ਕੀਤੇ ਇਸ ਬਿਜਲੀ ਗਰਿੱਡ ਵਿਚੋਂ ਫਰੀਦਕੋਟ, ਸਾਦਿਕ, ਗੁਰੂਹਰਸਹਾਏ, ਮੁਕਤਸਰ ਅਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਨੂੰ ਘਰੇਲੂ ਅਤੇ ਖੇਤੀ ਲੋੜਾਂ ਲਈ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ।
ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਲਾਇਆ ਧਰਨਾ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਪੰਜਾਬ ਸਰਕਾਰ ਵੱਲੋਂ 10 ਜੂਨ ਤੋਂ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ 8 ਘੰਟੇ ਖੇਤੀ ਮੋਟਰਾਂ ਲਈ ਬਿਜਲੀ ਨਿਰਵਿਘਨ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋਏ ਕਿਸਾਨ ਧਰਨੇ ਲਗਾਉਣ ਲਈ ਮਜਬੂਰ ਹਨ। ਬਿਜਲੀ ਸਪਲਾਈ ਨਾ ਮਿਲਣ ਕਾਰਨ ਨਗਰ ਮਹਿਰਾਜ ਕੋਠੇ ਮੱਲੂਆਣਾ ਦੇ ਕਿਸਾਨਾਂ ਵੱਲੋਂ ਫੂਲ ਰਾਮਪੁਰਾ ਰੋਡ ਟੀਪੀਡੀ ਕਾਲਜ ਕੋਲ ਸੜਕ ’ਤੇ ਧਰਨਾ ਲਗਾ ਕੇ ਸਰਕਾਰ ਤੇ ਪਾਵਰਕੌਮ ਮਹਿਕਮੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਗੁਰਲਾਲ ਸਿੰਘ ਮੱਲੂਆਣਾ ਨੇ ਦੱਸਿਆ ਕਿ ਫੂਲ ਗਰਿੱਡ ਤੋਂ ਕੋਠੇ ਮੱਲੂਆਣਾ ਨੂੰ ਬਿਜਲੀ ਦੀ ਜਾਂਦੀ ਸਪਲਾਈ ਪਿਛਲੇ ਦੋ ਦਿਨਾਂ ਤੋਂ ਕੱਟਾਂ ਵਿੱਚ ਚੱਲ ਰਹੀ ਹੈ ਜਿਸ ਕਾਰਨ ਉਨ੍ਹਾਂ ਦੀ ਝੋਨੇ ਦੀ ਫਸਲ ਸੁੱਕ ਰਹੀ ਹੈ ਤੇ ਉਹ ਮਹਿੰਗੇ ਭਾਅ ਦੀ ਡੀਜ਼ਲ ਫੂਕਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮਹਿਕਮੇ ਦੇ ਜੇਈ ਵੱਲੋਂ ਮੱਲੂਆਣਾ ਫੀਡਰ ਤੋਂ ਲੋਡ ਘਟਾਉਣ ਦਾ ਭਰੋਸਾ ਦੇਣ ’ਤੇ ਇਹ ਧਰਨਾ ਹਟਾ ਦਿੱਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਤੱਕ ਮਸਲਾ ਨਾ ਹੱਲ ਹੋਇਆ ਤਾਂ ਮੌੜ ਚੌਕ ਰਾਮਪੁਰਾ ਵਿੱਚ ਜਾਮ ਲਗਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਮਹਿਕਮੇ ਦੀ ਹੋਵੇਗੀ। ਇਸ ਸਬੰਧੀ ਪਾਵਰਕੌਮ ਦੇ ਜੇਈ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਗਰਮੀ ਜ਼ਿਆਦਾ ਹੋਣ ਕਰਕੇ ਝੋਨੇ ਦੇ ਸੀਜ਼ਨ ਦੌਰਾਨ ਕੱਟਾਂ ਦੀ ਸਮੱਸਿਆ ਆਉਂਦੀ ਹੈ ਲੇਕਿਨ ਇਸ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ।