ਪਰਸ਼ੋਤਮ ਬੱਲੀ
ਬਰਨਾਲਾ, 16 ਅਕਤੂਬਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਇਕੱਤਰਤਾ ਇੱਥੇ ਤਰਕਸ਼ੀਲ ਭਵਨ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਜ਼ਿਲ੍ਹੇ ਦੀਆਂ ਸਮੂਹ ਇਕਾਈਆਂ, ਬਲਾਕਾਂ ਅਤੇ ਜ਼ਿਲ੍ਹਾ ਕਮੇਟੀ ਆਗੂ ਸ਼ਾਮਲ ਹੋਏ।
ਜਥੇਬੰਦੀ ਤੇ ਸੰਯੁਕਤ ਕਿਸਾਨ ਮੋਰਚਾ ਦੇ ਮੋਢੀ ਆਗੂ ਡਾਕਟਰ ਦਰਸ਼ਨ ਪਾਲ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਮੌਕੇ ਵੱਡੇ ਟਰੈਕਟਰ, ਮਹਿੰਗੀ ਮਸ਼ੀਨਰੀ ਤੇ ਮਹਿੰਗੇ ਭਾਅ ਦਾ ਤੇਲ ਸਧਾਰਨ ਕਿਸਾਨ ਦੇ ਵਸੋਂ ਬਾਹਰ ਹੋਣ ਕਾਰਨ ਪਰਾਲੀ ਸਾੜਨਾ ਕਿਸਾਨ ਦੀ ਮਜਬੂਰੀ ਹੈ ਨਾ ਕਿ ਸ਼ੌਕ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਏਕੜ ਖਰਚਾ ਦੇਵੇ ਜਾਂ ਪਰਾਲੀ ਕਿਸਾਨਾਂ ਦੇ ਖੇਤਾਂ ਵਿੱਚੋਂ ਖੁਦ ਸਰਕਾਰ ਚੁੱਕ ਲਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ‘ਤੇ ਸਵਾਮੀਨਾਥਨ ਕਮਿਸ਼ਨ ਰਿਪੋਰਟ ਅਨੁਸਾਰ ਐੱਮਐੱਸਪੀ ਦੇਵੇ ਅਤੇ ਖ਼ਰੀਦ ਦੀ ਗਾਰੰਟੀ ਦੇਵੇ ਤਾਂ ਕਿਸਾਨ ਝੋਨਾ-ਕਣਕ ਦਾ ਚੱਕਰ ਛੱਡ ਕੇ ਦੂਜੀਆਂ ਫ਼ਸਲਾਂ ਵੱਲ ਪ੍ਰੇਰਿਤ ਹੋਣ। ਉਨ੍ਹਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਜੋ ਕਿ ਲਖੀਮਪੁਰ ਖੀਰੀ ਦੇ ਕਿਸਾਨਾਂ ਦੀ ਮੌਤ ਦਾ ਜ਼ਿੰਮੇਵਾਰ ਹੈ, ਤੋਂ ਅਸਤੀਫ਼ਾ ਲੈ ਕੇ ਜੇਲ੍ਹ ਅੰਦਰ ਡੱਕਿਆ ਜਾਵੇ ਆਦਿ। ਦਰਸ਼ਨ ਪਾਲ ਨੇ ਜਥੇਬੰਦੀ ਦੇ ਸਮੂਹ ਕਾਰਕੁਨਾਂ ਤੇ ਆਗੂਆਂ ਨੂੰ ਲਟਕਦੀਆਂ/ਬਕਾਇਆ ਕਿਸਾਨੀ ਮੰਗਾਂ ਦੀ ਪੂਰਤੀ ਹਿਤ ਵਿੱਢੇ ਜਾਣ ਵਾਲੇ ਅਗਲੇਰੇ ਸੰਘਰਸ਼ਾਂ ਤੇ ਸੰਨ 2024 ’ਚ ਲੋਕ ਵਿਰੋਧੀ ਹਾਕਮਾਂ ਨੂੰ ਸਬਕ ਸਿਖਾਉਣ ਲਈ ਪਿੰਡ ਪੱਧਰੀ ਤਕੜੀ ਲਾਮਬੰਦੀ ਦਾ ਸੱਦਾ ਵੀ ਦਿੱਤਾ। ਇਕੱਤਰਤਾ ਦੌਰਾਨ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਰਾਜ, ਮੀਤ ਪ੍ਰਧਾਨ ਮੋਹਨ ਸਿੰਘ ਰੂੜੇਕੇ, ਗੁਰਪ੍ਰੀਤ ਗੋਪੀ ਸਕੱਤਰ, ਵਿੱਤ ਸਕੱਤਰ ਦਲਜੀਤ ਸਿੰਘ, ਬਲਾਕ ਪਟਿਆਲਾ ਪ੍ਰਧਾਨ ਅਵਤਾਰ ਸਿੰਘ ਕੌਰਜੀਵਾਲਾ ਨੇ ਵੀ ਆਪਣੇ ਵਿਚਾਰ ਰੱਖੇ। ਜਥੇਬੰਦੀ ’ਚ ਕੁੱਝ ਨਵੇਂ ਕਾਰਕੁਨ ਵੀ ਸ਼ਾਮਲ ਕੀਤੇ ਗਏ।