ਜੋਗਿੰਦਰ ਸਿੰਘ ਮਾਨ
ਮਾਨਸਾ, 2 ਨਵੰਬਰ
ਮਾਲਵਾ ਪੱਟੀ ਵਿਚ ਝੋਨੇ ਦੀ ਪਰਾਲੀ ਤੋਂ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਲਈ, ਜਦੋਂ ਹਕੂਮਤ ਕਿਸਾਨਾਂ ਮੁੂਹਰੇ ਹਾਰਨ ਲੱਗੀ ਤਾਂ ਕੁਝ ਅਮੀਰ ਲੋਕਾਂ ਨੇ ਝੋਨੇ ਦੀ ਪਰਾਲੀ ਤੋਂ ਕਮਾਈ ਦਾ ਜੁਗਾੜ ਲੱਭ ਲਿਆ ਹੈ। ਇਹ ਲੋਕ ਕਿਸਾਨਾਂ ਦੇ ਖੇਤਾਂ ਤੋਂ ਝੋਨੇ ਦੀ ਪਰਾਲੀ ਨੂੰ ਮੁਫ਼ਤ ਲੈ ਕੇ ਅੱਗੇ ਕਾਰਖਾਨੇਦਾਰਾਂ ਨੂੰ 172 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਣ ਲੱਗੇ ਹਨ। ਝੋਨੇ ਦੀ ਇਸ ਪਰਾਲੀ ਨੂੰ ਵਿਦੇਸ਼ੀ ਕੰਪਨੀਆਂ ਦੀਆਂ ਮਸ਼ੀਨਾਂ ਗੱਠਾਂ ਬੰਨ੍ਹ ਕੇ ਤਿਆਰ ਕਰ ਦਿੰਦੀਆਂ ਹਨ, ਜਿੱਥੋਂ ਇਹ ਸਿੱਧੀਆਂ ਕਾਰਖਾਨੇ ਵਿਚ ਵਿਕਣ ਲਈ ਜਾਣ ਲੱਗੀਆਂ ਹਨ। ਬੇਸ਼ੱਕ ਖੇਤੀਬਾੜੀ ਵਿਭਾਗ ਵਲੋਂ ਬੇਲਰ ਮਸ਼ੀਨਾਂ ਰਾਹੀਂ ਇਨ੍ਹਾਂ ਗੱਠਾਂ ਨੂੰ ਵੀ ਤਿਆਰ ਕਰਨ ਦੇ ਵੱਡੇ ਵੱਡੇ ਦਮਗਜੇ ਮਾਰੇ ਗਏ ਸਨ, ਪਰ ਮਾਲਵਾ ਖੇਤਰ ਵਿਚ ਅਜੇ ਤੱਕ ਮਹਿਕਮੇ ਦੇ ਇਹ ਬੇਲਰ ਟਾਵੇਂ-ਟਾਵੇਂ ਖੇਤ ਵਿਚ ਹੀ ਬਹੁੜੇ ਹਨ, ਜਦੋਂ ਕਿ ਪ੍ਰਾਈਵੇਟ ਤੌਰ ’ਤੇ ਲੋਕਾਂ ਦੀਆਂ 130 ਤੋਂ ਵੱਧ ਮਸ਼ੀਨਾਂ (ਬੇਲਰ) ‘ਲੋਕ ਸੇਵਾ’ ਵਿਚ ਜੁਟੀਆਂ ਹੋਈਆਂ ਹਨ।
ਪ੍ਰਾਪਤ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਲੋੜੀਂਦੇ ਬੇਲਰ ਖੇਤੀਬਾੜੀ ਵਿਭਾਗ ਰਾਹੀਂ ਸਬਸਿਡੀ ’ਤੇ ਨਹੀਂ ਵੰਡੇ ਗਏ ਤਾਂ ਹੁਣ ਜੁਗਾੜੀ ਲੋਕਾਂ ਨੇ ਵਿਦੇਸ਼ੀ ਕੰਪਨੀਆਂ ਤੋਂ ਬੇਲਰ ਖਰੀਦ ਕੇ ਕਮਾਈ ਕਰਨ ਦਾ, ਜੋ ਫਾਰਮੂਲਾ ਲੱਭਿਆ ਹੈ, ਉਸ ਅਨੁਸਾਰ ਕਿਸਾਨ ਤੋਂ 1000-1500 ਰੁਪਏ ਪ੍ਰਤੀ ਏਕੜ ਗੱਠਾਂ ਬੰਨ੍ਹਣ ਦਾ ਲਿਆ ਜਾਂਦਾ ਹੈ ਅਤੇ ਬੇਲਰ ਵਾਲੇ ਗੱਠਾਂ ਨੂੰ ਖੁਦ ਵੇਚ ਲੈਂਦੇ ਹਨ। ਇਹ ਬੇਲਰ ਰੋਜ਼ਾਨਾ 250 ਤੋਂ 300 ਕੁਇੰਟਲ ਝੋਨੇ ਦੀ ਪਰਾਲੀ ਦੀਆਂ ਗੱਠਾਂ ਬੰਨ੍ਹ ਦਿੰਦੇ ਹਨ, ਜਦੋਂ ਕਿ ਇੱਕ ਏਕੜ ਵਿਚੋਂ 25 ਤੋਂ 35 ਕੁਇੰਟਲ ਪਰਾਲੀ ਇਕੱਠੀ ਕੀਤੀ ਜਾ ਸਕਦੀ ਹੈ। ਇਹ ਮਸ਼ੀਨ 34-35 ਲੱਖ ਰੁਪਏ ਦੀ ਆਉਂਦੀ ਹੈ ਅਤੇ ਇਸ ਤੋਂ ਬੰਨ੍ਹੀਆਂ ਪਰਾਲੀ ਦੀਆਂ ਗੱਠਾਂ ਨੂੰ ਢੋਣ ਲਈ ਤਿੰਨ ਟਰੈਕਟਰ-ਟਰਾਲੀਆਂ ਦੀ ਲੋੜ ਪੈਂਦੀ ਹੈ, ਜਦੋਂ ਕਿ ਉਨ੍ਹਾਂ ਨੂੰ ਚਲਾਉਣ ਲਈ ਚਾਰ ਡਰਾਈਵਰ ਅਤੇ ਦੋ ਹੈਲਪਰ ਦਿਨ-ਰਾਤ ਜੁਟੇ ਰਹਿੰਦੇ ਹਨ। ਜਾਣਕਾਰੀ ਅਨੁਸਾਰ ਮਾਨਸਾ ਨੇੜੇ ਪੰਜਾਬ ਊਰਜਾ ਵਿਕਾਸ ਏਜੰਸੀ ਅਤੇ ਵਾਇਟਨ ਐਨਰਜੀ (ਪ੍ਰਾ:) ਲਿਮਟਿਡ ਵੱਲੋਂ ਪਿੰਡ ਖੋਖਰ ਖੁਰਦ ਵਿਖੇ ਲਗਾਏ ਗਏ 10 ਮੈਗਾਵਾਟ ਬਾਇਓਮਾਸ ਪਾਵਰ ਪਲਾਂਟ ਵਿਚ ਇਹ ਪਰਾਲੀ ਵਾਲੀਆਂ ਗੱਠਾਂ ਹੁਣ ਦਿਨ-ਰਾਤ ਇਨ੍ਹਾਂ ਬੇਲਰਾਂ ਦੁਆਰਾ ਤਿਆਰ ਕਰਕੇ ਭੇਜੀਆਂ ਜਾ ਰਹੀਆਂ ਹਨ। ਇਨ੍ਹਾਂ ਗੱਠਾਂ ਨੂੰ ਵੇਚਣ ਵਾਲੇ ਲੋਕਾਂ ਨੂੰ ਖੋਖਰ ਖੁਰਦ ਵਿਖੇ 167 ਰੁਪਏ ਪ੍ਰਤੀ ਕੁਇੰਟਲ ਅਤੇ ਕਿਸ਼ਨਗੜ੍ਹ ਫਰਮਾਹੀ ਵਿਖੇ 172 ਰੁਪਏ ਪ੍ਰਤੀ ਕੁਇੰਟਲ ਮਿਲਦੇ ਹਨ।