ਪੱਤਰ ਪ੍ਰੇਰਕ
ਗਿੱਦੜਬਾਹਾ, 19 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਪਾ ਕੇ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਗਿੱਦੜਬਾਹਾ ਵਿੱਚ ਸਥਿਤ ਜਲ ਨਿਕਾਸੀ ਵਿਭਾਗ ਦੇ ਦਫ਼ਤਰ ਬੰਦ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੰਬੀ, ਮਲੋਟ, ਅਬੋਹਰ, ਗਿੱਦੜਬਾਹਾ ਇਲਾਕਿਆਂ ਵਿੱਚ ਸੇਮ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਮਸਲਾ ਅੱਜ ਸਭ ਦੇ ਸਾਹਮਣੇ ਹੈ। ‘ਆਪ’ ਸਰਕਾਰ ਨੇ ਜਲ ਨਿਕਾਸੀ ਵਿਭਾਗ ਦੇ ਗਿੱਦੜਬਾਹਾ ਸਰਕਲ ਦੇ ਦੋਵੇਂ ਦਫ਼ਤਰ ਬੰਦ ਕਰ ਕੇ ਸਾਰੇ ਅਮਲੇ ਨੂੰ ਦੂਰ-ਦੁਰਾਡੇ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਰਕਾਰ ਦੇ ਇਸ ਗ਼ਲਤ ਫੈਸਲੇ ਨਾਲ ਇਹ ਇਲਾਕਾ ਹੋਰ ਵੱਡੇ ਸੰਕਟ ਵਿੱਚ ਪੈ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਕਤ ਦੋਹਾਂ ਦਫ਼ਤਰਾਂ ਦੀਆਂ ਸੇਵਾਵਾਂ ਇਸੇ ਇਲਾਕੇ ਵਿੱਚ ਲਈਆਂ ਜਾਣ ਅਤੇ ਇਨ੍ਹਾਂ ਨੂੰ ਕਿਸੇ ਹੋਰ ਮੰਡਲ ’ਚ ਮਰਜ ਨਾ ਕੀਤਾ ਜਾਵੇ।