ਪੱਤਰ ਪ੍ਰੇਰਕ
ਸ਼ਹਿਣਾ, 20 ਜੁਲਾਈ
ਇੱਥੋਂ ਦੇ ਪਿੰਡ ਜੰਡਸਰ ਦਾ ਆਮ ਇਜਲਾਸ ਅੱਜੇ ਰੌਲੇ ਰੱਪੇ ਦੀ ਭੇਟ ਚੜ੍ਹ ਗਿਆ। ਜੰਡਸਰ ਵਿੱਚ ਦੂਜੀ ਵਾਰ ਸੱਦੇ ਇਜਲਾਸ ਦੌਰਾਨ ਪੰਚਾਇਤ ਸਕੱਤਰ ਨੂੰ ਪਿੰਡ ਦੇ ਕੰਮਾਂ ਬਾਰੇ ਮਤੇ ਲਿਖਾਏ ਗਏ, ਪਰ ਪੰਚਾਇਤ ਮੈਂਬਰਾਂ ਨੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ। ਇਸ ਮੌਕੇ ਸਰਪੰਚ ਗੁਰਮੀਤ ਕੌਰ, ਪੰਚ ਬਲਵੀਰ ਸਿੰਘ, ਮਨਦੀਪ ਸਿੰਘ, ਮਦਨ ਲਾਲ, ਸੁਨੀਤਾ ਕੌਰ, ਕੁਲਵਿੰਦਰ ਕੌਰ ਤੋਂ ਇਲਾਵਾ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਪੰਚਾਇਤ ਬਣੀ ਨੂੰ 42 ਮਹੀਨੇ ਹੋ ਗਏ ਹਨ। ਪੰਚਾਇਤ ਮੈਂਬਰਾਂ ਕੋਲ ਨਾ ਕੋਈ ਸ਼ਨਾਖਤੀ ਕਾਰਡ ਹੈ ਅਤੇ ਕੰਮ ਕਾਰ ਲਈ ਪਾਏ ਮਤਿਆ ’ਤੇ ਦਸਤਖਤ ਕਰਵਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਛੱਪੜ ਵਿੱਚ ਪੈ ਰਹੇ ਗੰਦੇ ਪਾਣੀ ਦੇ ਢੁੱਕਵੇ ਪ੍ਰਬੰਧ, ਛੱਪੜ ਦੀ ਚਾਰਦਿਵਾਰੀ, ਪੰਚਾਇਤ ਦੀ ਕੁੱਲ ਆਮਦਨ ਅਤੇ ਖਰਚੇ ਬਾਰੇ ਪੰਚਾਇਤੀ ਕਾਰਵਾਈ ਰਜਿਸਟਰ ਵਿੱਚ ਦਖਤਖਤ ਤਾਂ ਹਨ, ਪਰ ਹੋ ਰਹੇ ਕੰਮਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਾਣਕਾਰੀ ਮੁਤਾਬਿਕ ਅੱਜ ਲਗਾਤਾਰ ਚਾਰ ਘੰਟ ਰੌਲਾ ਪੈਂਦਾ ਤੇ ਅਖੀਰ ਪੰਚਾਇਤ ਸਕੱਤਰ ਰਜਿਸਟਰ ਲੈ ਕੇ ਚਲਾ ਗਿਆ।
ਇਸ ਦੌਰਾਨ ਪੰਚਾਇਤ ਤੇ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਵੀ ਕੀਤੀ।
ਇਸ ਸਬੰਧੀ ਪੰਚਾਇਤ ਸਕੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜਾਂ, ਆਮਦਨ ਅਤੇ ਖਰਚੇ ਸਬੰਧੀ ਹੀ ਇਜਲਾਸ ਸੱਦਿਆ ਸੀ। ਪਰ ਰੌਲੇ ਮਗਰੋਂ ਇਜਲਾਸ ਰੱਦ ਕਰ ਦਿੱਤਾ ਹੈ ਤੇ ਹੁਣ ਨਵੇਂ ਸਿਰੇ ਤੋਂ ਸੱਦਿਆ ਜਾਵੇਗਾ।
ਪਿੰਡ ਦੀ ਸਰਪੰਚ ਗੁਰਮੀਤ ਕੌਰ ਨੇ ਦੱਸਿਆ ਕਿ ਅੱਜ ਦੇ ਆਮ ਇਜਲਾਸ ਵਿੱਚ ਪੰਚਾਇਤ ਸਕੱਤਰ ਅਤੇ ਪੰਚਾਇਤ ਦੀ ਸਹਿਮਤੀ ਨਹੀਂ ਬਣ ਸਕੀ। ਇਸ ਲਈ ਇਜਲਾਸ ਰੱਦ ਕੀਤਾ ਗਿਆ ਹੈ।