ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 28 ਅਕਤੂਬਰ
ਇਥੋਂ ਦੀ ਕੇਂਦਰੀ ਜੇਲ੍ਹ ’ਚ ਬੰਦ ਇੱਕ ਗੈਂਗਸਟਰ ਵੱਲੋਂ ਦੋ ਜੇਲ੍ਹ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸਹਾਇਕ ਸੁਪਰਡੈਂਟ ਕਸ਼ਮੀਰ ਚੰਦ ਸ਼ਿਕਾਇਤ ’ਤੇ ਗੈਂਗਸਟਰ ਸਮੇਤ ਚਾਰ ਜਣਿਆਂ ਖ਼ਿਲਾਫ਼ ਥਾਣਾ ਸਿਟੀ ਵਿਚ ਕੇਸ ਦਰਜ ਕੀਤਾ ਗਿਆ ਹੈ। ਇਹ ਘਟਨਾ ਲੰਘੇ ਬੁੱਧਵਾਰ ਦੀ ਦੱਸੀ ਜਾਂਦੀ ਹੈ। ਹੈੱਡ ਵਾਰਡਰ ਜਸਵੀਰ ਸਿੰਘ ਨੇ ਡਿਉਢੀ ਵਿਚ ਆ ਕੇ ਦੱਸਿਆ ਕਿ ਕੈਦੀ ਵਿਜੇ ਕੁਮਾਰ ਨੇ ਜੇਲ੍ਹ ਦੇ ਹਾਈ ਸਕਿਉੂਰਿਟੀ ਜ਼ੋਨ ਦੇ ਅੰਦਰ ਕੋਈ ਚੀਜ਼ ਥਰੋ ਕੀਤੀ ਹੈ। ਇਸ ਦੌਰਾਨ ਗੈਂਗਸਟਰ ਹਵਾਲਾਤੀ ਅਮਿਤ ਕੁਮਾਰ ਨੇ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ ਅਤੇ ਸਹਾਇਕ ਸੁਪਰਡੈਂਟ ਗੁਰਤੇਜ ਸਿੰਘ ਅਤੇ ਰਿਸ਼ਵਪਾਲ ਗੋਇਲ ਨੂੰ ਜਾਨੋਂ ਮਰਵਾਉਣ ਦੀਆਂ ਧਮਕੀਆਂ ਦਿੱਤੀਆਂ। ਕਰਮਚਾਰੀਆਂ ਨੇ ਹਲਕਾ ਬਲ ਪ੍ਰਯੋਗ ਕਰਕੇ ਸਾਰੇ ਕੈਦੀਆਂ ਨੂੰ ਬੈਰਕਾਂ ਵਿਚ ਬੰਦ ਕਰ ਦਿੱਤਾ। ਜੇਲ੍ਹ ਅਧਿਕਾਰੀਆਂ ਨੇ ਜਦੋਂ ਹਾਈ ਸਕਿਉੂਰਿਟੀ ਜ਼ੋਨ ਅੰਦਰ ਲੱਗੇ ਕੈਮਰਿਆਂ ਦੀ ਸੀਸੀਟੀਵੀ ਫ਼ੁਟੇਜ਼ ਖੰਗਾਲੀ ਤਾਂ ਪਤਾ ਲੱਗਾ ਕਿ ਇਹ ਪੈਕਟ ਹਾਈ ਸਕਿਉੂਰਿਟੀ ਜ਼ੋਨ ਅੰਦਰ ਬੰਦ ਹਵਾਲਾਤੀ ਗੈਂਗਸਟਰ ਪ੍ਰਿੰਸ ਉਰਫ਼ ਮਨੀ ਨੇ ਚੁੱਕਿਆ ਸੀ। ਪੁਲੀਸ ਨੇ ਚਾਰਾਂ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।