ਰਵਿੰਦਰ ਰਵੀ
ਬਰਨਾਲਾ, 1 ਜੂਨ
ਕਰੋਨਾ ਕਾਰਨ ਲੱਗੇ ਲੌਕਡਾਊਨ ਨੇ ਪੰਜਾਬੀਆਂ ਦੀ ਸੱਤ ਸਮੁੰਦਰ ਪਾਰ ਉਡਾਰੀ ਮਾਰਨ ਦੀ ਰਫ਼ਤਾਰ ਦੇ ਖੰਭ ਵੱਢ ਕੇ ਰੱਖ ਦਿੱਤੇ ਹਨ। ਪਿਛਲੇ ਇਕ ਦਹਾਕੇ ਤੋਂ ਨੌਜਵਾਨਾਂ ਨੂੰ ਵਿਦੇਸ਼ ਭੇਜ ਕੇ ਰੌਸ਼ਨ ਭਵਿੱਖ ਬਣਾਉਣ ਦਾ ਦਾਅਵਾ ਕਰਨ ਵਾਲੇ ਆਈਲੈਟਸ ਸੈਂਟਰਾਂ ਦਾ ਆਪਣਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ। ਬੀਤੇ ਕੱਲ੍ਹ ਇਕ ਵਾਰ ਫ਼ਿਰ ਸਰਕਾਰ ਵੱਲੋਂ ਇਨ੍ਹਾਂ ਕੋਚਿੰਗ ਸੈਂਟਰਾਂ ਅਤੇ ਇਮੀਗ੍ਰੇਸ਼ਨ ਕੇਂਦਰਾਂ ਨੂੰ ਕੋਈ ਰਾਹਤ ਦਾ ਐਲਾਨ ਨਾ ਹੋਣ ਕਾਰਨ ਇਹ ਕਾਰੋਬਾਰ ਠੱਪ ਹੋਣ ਦੀ ਕਗਾਰ ‘ਤੇ ਆ ਗਿਆ ਹੈ। ਇਕੱਲੇ ਬਰਨਾਲਾ ਜ਼ਿਲ੍ਹੇ ਅੰਦਰ 100 ਤੋਂ ਵੱਧ ਮਾਨਤਾ ਪ੍ਰਾਪਤ ਆਈਲੈਟਸ ਸੈਂਟਰ ਹਨ। ਇਸ ਤੋਂ ਇਲਾਵਾ ਲਗਭਗ ਇੰਨੇ ਹੀ ਗੈਰ ਮਾਨਤਾ ਪ੍ਰਾਪਤ ਸੈਂਟਰ ਕਾਰਜਸ਼ੀਲ ਹਨ।
ਇਕ ਅਨੁਮਾਨ ਅਨੁਸਾਰ ਇਨ੍ਹਾਂ ਸੈਂਟਰਾਂ ਵਿੱਚ ਲਗਭਗ 2500 ਵਿਦਿਆਰਥੀ ਦਾਖ਼ਲ ਹਨ। ਅਚਾਨਕ ਲੱਗੇ ਲੌਕਡਾਊਨ ਨੇ ਨਾ ਸਿਰਫ਼ ਵਿਦੇਸ਼ ਜਾਣ ਵਾਲੇ ਨੌਜਵਾਨਾ ਦਾ ਸੁਫਨਾ ਤੋੜਿਆ ਹੈ ਸਗੋਂ ਇਨ੍ਹਾਂ ਸੈਂਟਰਾਂ ਨੂੰ ਵੱਡਾ ਵਿੱਤੀ ਘਾਟਾ ਪਿਆ ਹੈ। ਬੱਸ ਸਟੈਂਡ ਲਾਗੇ ਵੱਡੀ ਗਿਣਤੀ ‘ਚ ਬਣੇ ਆਈਲੈਟਸ ਅਤੇ ਇਮੀਗ੍ਰਸ਼ੇਨ ਸੈਂਟਰਾਂ ‘ਚ ਸੁੰਨ ਪਸਰੀ ਹੋਈ ਹੈ। ਪਿਛਲੇ ਤਿੰਨ ਮਹੀਨੇ ਤੋਂ ਇਨ੍ਹਾਂ ਸੈਂਟਰਾਂ ਨੂੰ ਲੱਖਾਂ ਰੁਪਏ ਕਿਰਾਏ ‘ਤੇ ਲਈਆਂ ਇਮਾਰਤਾਂ ਦਾ ਕਿਰਾਇਆ ਅਤੇ ਬਿਜਲੀ ਦੇ ਬਿਲਾਂ ਦੀ ਵੱਡੀ ਅਦਾਇਗੀ ਕਰਨੀ ਪੈ ਰਹੀ ਹੈ। ਸੈਂਟਰਾਂ ‘ਚ ਕੰਮ ਕਰਦੇ ਦੋ ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕਾਰਨ ਇਹ ਕਾਰੋਬਾਰ ਬੰਦ ਹੋਣ ਕਿਨਾਰੇ ਪਹੁੰਚ ਗਿਆ ਹੈ।
ਇਸ ਕਾਰੋਬਾਰ ਨਾਲ ਜੁੜੇ ਫਲਾਈਂਗ ਫੈਦਰ ਦੇ ਡਾਇਰੈਕਟਰ ਸ਼ਿਵ ਸਿੰਗਲਾ, ਕਰੀਅਰ ਮੇਕਰਸ ਆਈਲੈਟਸ ਸੈਂਟਰ ਦੇ ਐੱਮ.ਡੀ ਭੋਲਾ ਸਿੰਘ ਵਿਰਕ, ਈ ਸਕੂਲ ਦੇ ਐੱਮ.ਡੀ. ਰੁਪਿੰਦਰ ਸਿੰਘ ਅਤੇ ਐਜੂਕੇਸ਼ਨ ਪੁਆਇੰਟ ਦੇ ਐੱਮ.ਡੀ. ਨਿਪੁੰਨ ਕੌਸ਼ਲ ਨੇ ਦੱਸਿਆ ਕਿ ਇਸ ਕਾਰੋਬਾਰ ਨਾਲ ਇਕੱਲੇ ਬਰਨਾਲਾ ਜ਼ਿਲ੍ਹੇ ‘ਚ ਸਿੱਧੇ ਅਤੇ ਅਸਿੱਧੇ ਤੌਰ ‘ਤੇ ਚਾਰ ਹਜ਼ਾਰ ਤੋਂ ਜ਼ਿਆਦਾ ਲੋਕ ਜੁੜੇ ਹਨ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਨਾਲ ਸਰਕਾਰ ਦੀਆਂ ਹਦਾਇਤਾਂ ਮੰਨਣ ਲਈ ਪਾਬੰਦ ਹਨ। ਜੇਕਰ ਮਾਲ ਅਤੇ ਹੋਰ ਵਪਾਰਿਕ ਅਦਾਰੇ ਖੋਲ੍ਹੇ ਜਾ ਸਕਦੇ ਹਨ ਤਾਂ ਆਈਲੈਟਸ ਸੈਂਟਰਾਂ ਨੂੰ ਖੋਲ੍ਹਣ ਵਿੱਚ ਕੀ ਹਰਜ਼ ਹੈ। ਉਹ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦਾ ਹਰ ਤਰ੍ਹਾਂ ਨਾਲ ਖ਼ਿਆਲ ਰੱਖ ਸਕਦੇ ਹਨ। ਜੇਕਰ ਇਹ ਕਾਰੋਬਾਰ ਬੰਦ ਹੁੰਦਾ ਹੈ ਤਾਂ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸੂਬੇ ‘ਚ ਜਿਸ ਤਰ੍ਹਾਂ ਬਾਕੀ ਵਪਾਰ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸਾਡੇ ਕਾਰੋਬਾਰ ਨੂੰ ਵੀ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ।