ਪੱਤਰ ਪ੍ਰੇਰਕ
ਮਾਨਸਾ, 29 ਅਪਰੈਲ
ਮਾਨਸਾ ਸ਼ਹਿਰ ਦੇ ਅੰਡਰਬ੍ਰਿਜ ਨੇੜੇ ਸਵੇਰ ਸਮੇਂ ਇੱਕ ਮਾਲਗੱਡੀ ਦੇ ਡੱਬਿਆਂ ਦੀ ਛਾਂਟੀ ਦੌਰਾਨ ਖਾਦ ਦੀਆਂ ਬੋਰੀਆਂ ਦਾ ਭਰਿਆ ਇੱਕ ਡੱਬਾ ਰੇਲਵੇ ਲਾਈਨ ਦੀ ਰੋਕ ਤੋੜ ਕੇ ਪਟੜੀ ਤੋਂ ਉਤਰ ਗਿਆ ਅਤੇ ਜ਼ਮੀਨ ਵਿੱਚ ਧਸ ਗਿਆ। ਜਿੱਥੇ ਇਹ ਡੱਬਾ ਉਤਰਿਆ, ਉਸ ਤੋਂ ਅੱਗੇ ਰੇਲਵੇ ਲਾਈਨ ਨਹੀਂ ਸੀ। ਸ਼ਾਮ ਤੱਕ ਰੇਲਵੇ ਅਧਿਕਾਰੀਆਂ ਨੇ ਇਸ ਡੱਬੇ ਨੂੰ ਜ਼ਮੀਨ ਵਿੱਚੋਂ ਕਰੇਨ ਦੀ ਮੱਦਦ ਨਾਲ ਚੁੱਕ ਲਿਆ ਅਤੇ ਹੁਣ ਉਸਦੇ ਥੱਲੇ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮਾਲ ਗੱਡੀ ਸਵੇਰ ਸਮੇਂ ਰੇਲਵੇ ਫਾਟਕ ਦੇ ਨੇੜੇ ਮਾਲ ਉਤਾਰਨ ਲਈ ਡੱਬਿਆਂ ਦੀ ਛਾਂਟੀ ਕਰ ਰਹੀ ਸੀ। ਅੰਡਰ ਬ੍ਰਿਜ ਲਾਗੇ ਜਦੋਂ ਇਸ ਸਪੈਸ਼ਲ ਰੇਲਵੇ ਲਾਈਨ ’ਤੇ ਡੱਬਿਆਂ ਦੀ ਛਾਂਟੀ ਕੀਤੀ ਜਾਣ ਲੱਗੀ ਤਾਂ ਰੇਲਵੇ ਲਾਈਨ ਦੀ ਰੋਕ ਤੋੜਕੇ ਮਾਲ ਨਾਲ ਭਰਿਆ ਇੱਕ ਭਾਰੀ ਡੱਬਾ ਜ਼ਮੀਨ ਵਿੱਚ ਉਤਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਡੱਬਾ ਕੱਚੇ ਥਾਂ ਵਿੱਚ ਉਤਰ ਗਿਆ। ਮੌਕੇ ’ਤੇ ਰੇਲਵੇ ਪੁਲੀਸ ਤੇ ਜਾਖਲ ਤੋਂ ਰੇਲਵੇ ਅਧਿਕਾਰੀ ਪਹੁੰਚੇ, ਜਿਨ੍ਹਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਸ਼ਾਮ ਤੱਕ ਰੇਲਵੇ ਲਾਈਨ ’ਤੇ ਡੱਬੇ ਨੂੰ ਖੜ੍ਹਾ ਕਰਨ ਲਈ ਕਾਫ਼ੀ ਕੰਮ ਨਿਪਟਾ ਲਿਆ ਗਿਆ ਸੀ।