ਪੱਤਰ ਪ੍ਰੇਰਕ
ਲੰਬੀ, 21 ਮਈ
ਨਸ਼ਿਆਂ ਅਤੇ ਅਪਰਾਧਿਕ ਗਤੀਵਿਧੀਆਂ ਦੀ ਮਾਰ ਹੇਠਲੇ ਸਰਹੱਦੀ ਹਲਕੇ ਲੰਬੀ ਵਿੱਚ ਪੁਲੀਸ ਕੰਮਕਾਜ ‘ਚ ਪ੍ਰਸ਼ਾਸਨਿਕ ਵਿਸਥਾਰ ਅਤੇ ਉਸਾਰੂ ਤਬਦੀਲੀਆਂ ਦਾ ਮੁੱਢ ਬੱਝ ਗਿਆ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐੱਸਐੱਸਪੀ ਧਰੁਮਨ ਐੱਚ. ਨਿੰਬਾਲੇ ਦੇ ਯਤਨਾਂ ਸਦਕਾ ਚੌਕੀ ਕਿੱਲਿਆਂਵਾਲੀ ਨੂੰ ਥਾਣਾ ਕਿੱਲਿਆਂਵਾਲੀ ਅਤੇ ਲੰਬੀ-ਕਿੱਲਿਆਂਵਾਲੀ (ਤਜਵੀਜ਼ਸ਼ੁਦਾ) ਥਾਣਿਆਂ ਦੀ ਨਿਗਰਾਨੀ ਲਈ ਇੱਕ ਵੱਖਰੇ ਡੀਐੱਸਪੀ ਦੀ ਨਵੀਂ ਤਾਇਨਾਤੀ ਲਈ ਪੰਜਾਬ ਸਰਕਾਰ ਨੂੰ ਤਜਵੀਜ਼ ਭੇਜੀ ਗਈ ਹੈ। ਇਸ ਤਜਵੀਜ਼ ‘ਚ ਗਿੱਦੜਬਾਹਾ ਖੇਤਰ ਦੀ ਚੌਕੀ ਦੋਦਾ ਨੂੰ ਥਾਣਾ ਦੋਦਾ ਬਣਾਉਣਾ ਵੀ ਸ਼ਾਮਲ ਹੈ। ਤਜਵੀਜ਼ ਮੁਤਾਬਕ ਲੰਬੀ ਥਾਣੇ ਦੇ ਲਗਪਗ 22 ਪਿੰਡਾਂ ਨੂੰ ਥਾਣਾ ਕਿੱਲਿਆਂਵਾਲੀ ਸ਼ਾਮਲ ਵਿੱਚ ਕੀਤੇ ਜਾਣਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣੇ ‘ਚ ਮੰਡੀ ਕਿੱਲਿਆਂਵਾਲੀ-ਡੱਬਵਾਲੀ ਨੂੰ ਅਪਰਾਧਕ ਬੰਦਰਗਾਹ ਮੰਨਿਆ ਜਾਂਦਾ ਹੈ। ਇਸ ਸਬੰਧੀ ਜ਼ਿਲ੍ਹੇ ਦੇ ਐੱਸਐੱਸਪੀ ਧਰੁਮਨ ਐੱਚ. ਨਿੰਬਾਲੇ ਨੇ ਕਿਹਾ ਕਿ ਇਸ ਵਿਸਥਾਰ ਨਾਲ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਨਸ਼ਿਆਂ ਦਾ ਮੁਕੰਮਲ ਖਾਤਮਾ ਅਤੇ ਦੂਜੇ ਅਪਰਾਧਾਂ ਦੀ ਰੋਕਥਾਮ ਦੇ ਨਾਲ ਨਾਲ ਸਾਫ਼ ਸੁਥਰਾ ਪੁਲੀਸ ਪ੍ਰਸ਼ਾਸਨ ਅਤੇ ਇਨਸਾਫ ਮੁਹੱਈਆ ਕਰਨ ਵਿੱਚ ਮਦਦ ਮਿਲੇਗੀ।