ਜੋਗਿੰਦਰ ਸਿੰਘ ਮਾਨ
ਮਾਨਸਾ, 12 ਜਨਵਰੀ
ਪਹਾੜਾਂ ਉਤੇ ਤਾਜ਼ਾ ਪਈ ਬਰਫ਼ਬਾਰੀ ਅਤੇ ਬਾਰਸ਼ ਤੋਂ ਬਾਅਦ ਮਾਲਵਾ ਖੇਤਰ ਦੇ ਮੈਦਾਨੀ ਇਲਾਕਿਆਂ ਵਿੱਚ ਅੱਜ ਵੱਡੇ ਤੜਕੇ ਤੋਂ ਧੁੰਦ ਅਤੇ ਕੋਰਾ ਛਾਇਆ ਰਿਹਾ, ਜਿਸ ਨਾਲ ਠੰਢ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਕੰਬਣੀ ਛਿੜਦੀ ਰਹੀ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਹੋਰ ਚਾਰ ਦਿਨ ਧੁੰਦ ਛਾਈ ਰਹੇਗੀ ਅਤੇ ਦੁਪਹਿਰ ਤੱਕ ਧੁੱਪ ਨਿਕਲਣ ਦੇ ਆਸ ਵੀ ਬਣੀ ਰਹੇਗੀ। ਧੁੰਦ ਕਾਰਨ ਮੈਦਾਨੀ ਇਲਾਕਿਆਂ ਦੇ ਮੌਸਮ ਵਿੱਚ ਇੱਕ ਵਾਰ ਫਿਰ ਗਿਰਾਵਟ ਦਰਜ ਕੀਤੀ ਜਾਣ ਲੱਗੀ ਹੈ ਅਤੇ ਮਾਲਵਾ ਖੇਤਰ ਵਿੱਚ ਹੋਰ ਠੰਢ ਪੈਣ ਦੀਆਂ ਉਮੀਦਾਂ ਬਰਕਰਾਰ ਹਨ।
ਉਧਰ ਲਗਾਤਾਰ ਪੈ ਰਹੀ ਇਸ ਸੰਘਣੀ ਧੁੰਦ ਨਾਲ ਲੋਕਾਂ ਦੀ ਜਿ਼ੰਦਗੀ ਨੂੰ ਬਰੇਕ ਲੱਗ ਗਈ ਹੈ। ਸਵੇਰੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਈਵੇਅ ਉਤੇ ਵਿਜੀਬਿਲਟੀ ਘੱਟ ਹੋਣ ਕਾਰਨ ਡਰਾਈਵਿੰਗ ਕਰਦੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਡੀ ਚਲਾਉਂਦਿਆਂ 25-30 ਮੀਟਰ ਦੂਰ ਵਿਖਾਈ ਨਹੀਂ ਦਿੰਦਾ ਹੈ ਅਤੇ ਨਾ ਹੀ 30-35 ਕਿਲੋਮੀਟਰ ਦੀ ਸਪੀਡ ਤੋਂ ਵੱਧ ਗੱਡੀ ਚਲਾਈ ਜਾ ਸਕਦੀ ਹੈ। ਧੁੰਦ ਅਤੇ ਠਾਰੀ ਕਾਰਨ ਸਵੇਰੇ ਸੈਰ ਕਰਨ ਵਾਲੇ ਲੋਕ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੁੰਦ ਨੇ ਲੋਕਾਂ ਨੂੰ ਘਰਾਂ ’ਚ ਬੈਠਣ ਲਈ ਨਿਕਲਣ ਲਈ ਮਜਬੂਰ ਕਰ ਦਿੱਤਾ ਹੈ। ਇੱਕ ਤਾਂ ਮੌਸਮ ਦੀ ਮਾਰ ਹੈ, ਦੂਜਾ ਕਰੋਨਾ ਕਾਰਨ ਲੋਕ ਘਰਾਂ ਵਿਚੋਂ ਨਿਕਲ ਕੇ ਬਜ਼ਾਰਾਂ ਵਿੱਚ ਜਾਣ ਤੋਂ ਡਰਦੇ ਹਨ। ਉਧਰ ਰੋਜ਼ਾਨਾ ਕਮਾਕੇ ਖਾਣ ਵਾਲੇ ਲੋਕਾਂ ਦੀ ਜ਼ਿੰਦਗੀ ਬੜੀ ਔਖੀ ਹੋ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨ ਡਾ. ਰਾਜ ਕੁਮਾਰ ਪਾਲ ਅਨੁਸਾਰ ਮਾਨਸਾ ਤੋਂ ਇਲਾਵਾ ਬਠਿੰਡਾ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਸੰਗਰੂਰ ਅਤੇ ਮਾਲਵਾ ਦੇ ਨਾਲ ਲੱਗਦੇ ਹਰਿਆਣਾ ਸੂਬੇ ਦੇ ਜ਼ਿਲ੍ਹੇ ਸਿਰਸਾ, ਫਤਿਆਬਾਦ, ਹਿਸਾਬ ਵਿੱਚ ਅਗਲੇ ਦੋ ਦਿਨਾਂ ਦੌਰਾਨ ਹੋਰ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਠੰਢੀਆਂ ਹਵਾਵਾਂ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ।