ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਅਕਤੂਬਰ
ਜ਼ਿਲ੍ਹਾ ਪੁਲੀਸ ਮੁਖੀ ਸੁਰਿੰਦਰਜੀਤ ਸਿੰਘ ਮੰਡ ਨੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਵਿੱਚ ਸਪੱਸ਼ਟ ਕਿਹਾ ਹੈ, ‘ਦੀਵਾਲੀ ਮੌਕੇ ਤੋਹਫੇ ਨਾ ਲੈ ਕੇ ਆਉਣਾ। ਦੀਵਾਲੀ ਦੀਆਂ ਖ਼ੁਸ਼ੀਆਂ ਵੰਡੋ, ਤੋਹਫ਼ੇ ਨਹੀਂ। ਬਰਾਬਰੀ, ਇਨਸਾਫ਼, ਗਿਆਨ ਅਤੇ ਆਪਸੀ ਸਾਂਝ ਦੇ ਦੀਵਿਆਂ ਨਾਲ ਅਸਲ ਰੌਸ਼ਨੀ ਫੈਲਾਈ ਜਾ ਸਕਦੀ ਹੈ।’ ਉਨ੍ਹਾਂ ਕਿਹਾ ਕਿ ਸਰਕਾਰੀ ਕੰਮ ਬਦਲੇ ਲਾਪ੍ਰਵਾਹੀ ਜਾਂ ਵੱਢੀ ਬਰਦਾਸ਼ਤ ਨਹੀਂ ਹੋਵੇਗੀ, ਲੋਕਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਐੱਸਐੱਸਪੀ ਮੰਡ ਨੇ ਮੀਟਿੰਗ ਵਿੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿੱਚ ਪਾਰਦਰਸ਼ਤਾ ਅਤੇ ਇਮਾਨਦਾਰੀ ਦਾ ਸੰਦੇਸ਼ ਦਿੰਦੇ ਹੋਏ ਦੀਵਾਲੀ ਮੌਕੇ ਉਪਹਾਰ (ਤੋਹਫੇ) ਨਾ ਲੈਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ, ‘ਤੁਹਾਡੀਆਂ ਸ਼ੁੱਭਕਾਮਨਾਵਾਂ ਅਤੇ ਸਹਿਯੋਗ ਦੀ ਹੀ ਮੈਨੂੰ ਜ਼ਰੂਰਤ ਹੈ।’ ਉਨ੍ਹਾਂ ਕਿਹਾ ਕਿ ਡਿਊਟੀ ਪੂਰੀ ਇਮਾਨਦਾਰੀ ਤੋਂ ਨਿਭਾਉਣ ਲਈ ਸਾਨੂੰ ਦਫਤਰਾਂ ਵਿੱਚ ਆਉਣ ਵਾਲੇ ਲੋਕਾਂ ਤੋਂ ਕਿਸੇ ਵੀ ਤਰ੍ਹਾਂ ਦਾ ਤੋਹਫਾ ਜਾਂ ਕੋਈ ਹੋਰ ਲਾਭ ਨਹੀਂ ਲੈਣਾ ਚਾਹੀਦਾ। ਲੋਕਾਂ ਨੂੰ ਇਨਸਾਫ਼ ਦੇਣਾ ਚਾਹੀਦਾ ਹੈ। ਕਿਸੇ ਲੋੜਵੰਦ ਅਤਿ ਗ਼ਰੀਬ ਦੀ ਰਾਸ਼ਨ ਆਦਿ ਲੋੜੀਂਦਾ ਸਮਾਨ ਦੇ ਕੇ ਉਨ੍ਹਾਂ ਦੀ ਮੱਦਦ ਕਰਕੇ ਜ਼ਿੰਦਗੀ ਵਿਚ ਰੌਸ਼ਨੀ ਭਰ ਸਕਦੇ ਹਾਂ। ਐੱਸਐੱਸਪੀ ਨੇ ਕਿਹਾ ਕਿ ਦੀਵਾਲੀ ਦੀਆਂ ਖੁਸ਼ੀਆਂ ਲਈ ਤਰਸਦੇ ਗ਼ਰੀਬ ਅਤੇ ਝੁੱਗੀ ਝੌਪੜੀਆਂ ਵਾਲੇ ਬੱਚਿਆਂ ਦੀ ਮਦਦ ਕੀਤੀ ਜਾ ਸਕਦੀ ਹੈ, ਜਿਹੜੇ ਦੀਵਾਲੀ ਤੋਂ ਅਗਲੇ ਦਿਨ ਸਵੇਰੇ-ਸਵੇਰੇ ਅਮੀਰਾਂ ਦੀਆਂ ਗਲੀਆਂ ਵਿਚੋਂ ਅਣਚੱਲੇ ਪਟਾਕੇ ਅਤੇ ਕੂੜੇ ਦੇ ਢੇਰਾਂ ਉਤੋਂ ਅਣਵਰਤੀਆਂ ਮਿਠਾਈਆਂ ਲੱਭਦੇ ਵੇਖੇ ਜਾ ਸਕਦੇ ਹਨ।’