ਪੱਤਰ ਪ੍ਰੇਰਕ
ਸ਼ਹਿਣਾ, 13 ਜਨਵਰੀ
ਪਿੰਡ ਚੂੰਘਾਂ ਵਿੱਚ ਬਿਜਲੀ ਮੁਲਾਜ਼ਮ ਯਸ਼ ਵੜੈਚ ਨੇ ਆਪਣੀ ਧੀ ਨਵਨੀਤ ਕੌਰ ਦੀ ਲੋਹੜੀ ਮਨਾਈ। ਇਸ ਮੌਕੇ ਉਨ੍ਹਾਂ ਰਿਊੜੀਆਂ, ਮੂੰਗਫਲੀ ਵੰਡ ਕੇ ਲੋਕਾਂ ਦਾ ਮੂੰਹ ਮਿੱਠਾ ਕਰਾਇਆ ਗਿਆ। ਲਾਗਲੇ ਪਿੰਡ ਉਗੋਕੇ ਅਤੇ ਸ਼ਹਿਣਾ ’ਚ ਵੀ ਦੋ ਲੜਕੀਆਂ ਦੀ ਲੋਹੜੀ ਮਨਾਈ ਗਈ। ਪਿੰਡ ਮੌੜ, ਸੁਖਪੁਰਾ, ਉਗੋਕੇ, ਗਿੱਲ ਕੋਠੇ, ਭਗਤਪੁਰਾ ’ਚ ਵੀ ਲੋਹੜੀ ਮਨਾਏ ਜਾਣ ਦਾ ਸਮਾਚਾਰ ਹੈ।
ਲੰਬੀ (ਪੱਤਰ ਪ੍ਰੇਰਕ): ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਿਖੇ ਸਟਾਫ ਵੱਲੋਂ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਡਾ: ਸੁਰਿੰਦਰ ਸਿੰਘ ਠਾਕੁਰ ਨੇ ਲੋਹੜੀ ਅਤੇ ਮਾਘੀ ਦੀ ਵਧਾਈ ਦਿੱਤੀ।
ਮਾਨਸਾ (ਪੱਤਰ ਪ੍ਰੇਰਕ): ਰਾਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ ਕਾਲਜ ਦੇ ਯੁਵਕ ਭਲਾਈ ਵਿਭਾਗ, ਐਨਐਸਐਸ ਤੇ ਸਾਹਿਤਕ ਕਲੱਬ ਵੱਲੋਂ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅਸਿਸਟੈਂਟ ਪ੍ਰੋਫੈਸਰ ਵਨੀਤਾ ਰਾਣੀ ਦੀ ਅਗਵਾਈ ਅਧੀਨ ਲੋਹੜੀ ਦਾ ਵਿਰਾਸਤੀ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਅਜਿਹੇ ਤਿਉਹਾਰ ਨਵੀਆਂ ਪੀੜ੍ਹੀਆਂ ਨੂੰ ਵਿਰਸੇ ਨਾਲ ਜੋੜਦੇ ਹਨ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਟਾਫ ਨੇ ਸਕੂਲ ਵਿੱਚ ਲੋਹੜੀ ਮਨਾਈ।
ਸਿਹਤ ਵਿਭਾਗ ਨੇ ਕੁੜੀਆਂ ਦੀ ਲੋਹੜੀ ਮਨਾਈ
ਫਾਜ਼ਿਲਕਾ (ਪੱਤਰ ਪ੍ਰੇਰਕ): ਲੋਹੜੀ ਤਿਓਹਾਰ ਦੇ ਮੌਕੇ ’ਤੇ ਸਿਹਤ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਸਿਵਲ ਸਰਜਨ ਡਾ. ਸਰਬਰਿੰਦਰ ਸਿੰਘ ਨੇ ਕਿਹਾ ਕਿ ਧੀਆਂ ਸਾਡੇ ਸਮਾਜ ਦਾ ਤਾਜ ਹਨ। ਧੀਆਂ ਨਾਲ ਹੀ ਪਰਿਵਾਰ ਬਣਦੇ ਅਤੇ ਅੱਗੇ ਵਧਦੇ ਨੇ। ਇਸ ਮੌਕੇ ਉਨ੍ਹਾਂ ਨੇ ਨਵੀਂ ਜੰਮੀ ਬੱਚੀ ਨੂੰ ਤੋਹਫਾ ਦੇ ਕੇ ਸਨਮਾਨਤ ਵੀ ਕੀਤਾ।