ਪੱਤਰ ਪ੍ਰੇਰਕ
ਸ਼ਹਿਣਾ, 13 ਅਪਰੈਲ
ਸ਼ਹਿਣਾ ਇਲਾਕੇ ਵਿੱਚ ਵਿਸਾਖੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਭਿੜ੍ਹਾ ਸਾਹਿਬ ਸ਼ਹਿਣਾ ਵਿੱਚ ਸੈਂਕੜੇ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਬਾਬਾ ਸੁਖਪਾਲ ਸਿੰਘ ਨੇ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਬਾਰੇ ਜਾਣਕਾਰੀ ਦਿੱਤੀ। ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਵਿੱਚ ਵੀ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ।
ਇੱਥੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਖੀਰ ਪੂੜੇ ਦਾ ਲੰਗਰ ਚਲਾਇਆ ਗਿਆ। ਆਰ.ਪੀ. ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿੱਚ ਵੀ ਵਿਸਾਖੀ ਦਿਹਾੜਾ ਮਨਾਇਆ ਗਿਆ। ਵੱਖਰੇ ਤੌਰ ’ਤੇ ਸ਼ਰਧਾਲੂਆਂ ਦੀ ਭਰੀ ਬੱਸ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋਈ। ਬਲਾਕ ਸ਼ਹਿਣਾ ਦੇ ਪਿੰਡ ਉਗੋਕੇ, ਸੁਖਪੁਰਾ, ਬੁਰਜ ਫਤਹਿਗੜ੍ਹ ਵਿੱਚ ਵੀ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ।
ਕਾਲਾਂਵਾਲੀ (ਪੱਤਰ ਪ੍ਰੇਰਕ): ਇਲਾਕੇ ਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵਿਸਾਖੀ ਦਾ ਤਿਓਹਾਰ ਸ਼ਰਧਾ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਗੁਰੂ ਘਰਾਂ ਵਿੱਚ ਵਿਸਾਖੀ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ। ਪਿੰਡ ਚੋਰਮਾਰ ਖੇੜਾ ਦੇ ਗੁਰਦੁਆਰਾ ਚੋਰਮਾਰ ਸਾਹਿਬ ਵਿਖੇ ਵਿਸਾਖੀ ਦਾ ਤਿਓਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਸ੍ਰੀ ਨਿਰਮਲਸਰ ਸਾਹਿਬ, ਪਿੰਡ ਝੋਰੜਰੋਹੀ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਅਤੇ ਪਿੰਡ ਕੇਵਲ ਦੇ ਗੁਰਦੁਆਰਾ ਪੈਂਤਰਾ ਸਾਹਿਬ ਵਿਖੇ ਵੀ ਵਿਸਾਖੀ ਦਾ ਤਿਓਹਾਰ ਸ਼ਰਧਾ ਨਾਲ ਮਨਾਇਆ ਗਿਆ।
ਤਪਾ ਮੰਡੀ (ਪੱਤਰ ਪ੍ਰੇਰਕ): ਢਿੱਲਵਾਂ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਵਿਸਾਖੀ ਖ਼ਾਲਸਾ ਸਿਰਜਣਾ ਦੇ ਰੂਪ ਵਿੱਚ ਮਨਾਈ ਗਈ। ਗੁਰਦੁਆਰਾ ਸਾਹਿਬ ਵਿੱਚ ਕੀਰਤਨ, ਢਾਡੀਆਂ ਦੀਆਂ ਸਿੱਖ ਇਤਿਹਾਸ ਨਾਲ ਸਬੰਧਤ ਵਾਰਾਂ ਅਤੇ ਸਿੱਖ ਵਿਦਵਾਨਾਂ ਵੱਲੋਂ ਪੰਥਕ ਵਿਚਾਰਾਂ ਹੋ ਰਹੀਆਂ ਸਨ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਪਿੰਡ ਹਿਸਾਨ ਵਾਲਾ ਵਿੱਚ ਬਾਬਾ ਸੇਵਾ ਸਿੰਘ ਕਾਂਦਰਾਬਾਦ ਵਾਲਿਆਂ ਦੇ ਤਪ ਅਸਥਾਨ ’ਤੇ ਵਿਸਾਖੀ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਡੇਰੇ ਵਿਖੇ ਰੱਖੇ ਗਏ 192 ਸ੍ਰੀ ਅਖੰਠ ਪਾਠਾਂ ਦੇ ਲੜੀਵਾਰ ਭੋਗ ਪਾਏ ਗਏ ਅਤੇ ਭੋਗ ਉਪਰੰਤ ਵਿਸਾਖੀ ਵਾਲੇ ਦਿਨ ਕੀਰਤਨ ਦਰਬਾਰ ਸਜਾਏ ਗਏ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ, ਸੁਖਵਿੰਦਰ ਸਿੰਘ ਕਾਕਾ ਕੰਬੋਜ, ਵਿਕਾਸਦੀਪ ਚੌਧਰੀ ਪ੍ਰਧਾਨ ਨਗਰ ਕੌਂਸਲ ਵੀ ਪਹੁੰਚੇ ਅਤੇ ਤਪ ਅਸਥਾਨ ’ਤੇ ਮੱਥਾ ਟੇਕਣ ਤੋਂ ਬਾਅਦ ਆਸ਼ੀਰਵਾਦ ਲਿਆ। ਇਸੇ ਤਰ੍ਹਾਂ ਬੱਘੇ ਕੇ ਉਤਾੜ ਸਥਿਤ ਬਾਬਾ ਸਰੂਪ ਦਾਸ ਦੀ ਸਮਾਧ ’ਤੇ ਸਾਲਾਨਾ ਵਿਸਾਖੀ ਮੇਲਾ ਮਨਾਇਆ ਗਿਆ। ਮੇਲੇ ਦੌਰਾਨ ਸੰਗਤਾਂ ਨੇ ਸਮਾਧ ’ਤੇ ਮੱਥਾ ਟੇਕਿਆ। ਮੇਲੇ ਦੌਰਾਨ ਰਾਜਨੀਤਕ ਆਗੂ ਪ੍ਰੇਮ ਵਲੇਚਾ, ਦਰਸ਼ਨ ਲਾਲ ਵਧਵਾ, ਬਿਮਲ ਭਠੇਜਾ ਨੇ ਵੀ ਸਮਾਧ ਤੇ ਪਹੁੰਚ ਕੇ ਆਸ਼ੀਰਵਾਦ ਲਿਆ। ਇਸ ਮੌਕੇ ਸਮਾਧ ਦੇ ਗੱਦੀਨਸ਼ੀਨ ਬਾਬਾ ਰਾਜ ਮਹੰਤ ਵੱਲੋਂ ਆਗੂਆਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਨਿਹਾਲ ਸਿੰਘ ਵਾਲਾ ਦੇ ਇਤਿਹਾਸਕ ਗੁਰਦੁਆਰਾ ਤਖਤੂਪੁਰਾ ਸਾਹਿਬ, ਗੁਰਦੁਆਰਾ ਜ਼ਫ਼ਰਨਾਮਾ ਦੀਨਾ ਸਾਹਿਬ ਅਤੇ ਰੌਂਤਾ, ਹਿੰਮਤਪੁਰਾ ਤੇ ਪੱਤੋ ਆਦਿ ਪਿੰਡਾਂ ਵਿੱਚ ਵਿਸਾਖੀ ਦਾ ਇਤਿਹਾਸਕ ਮੇਲਾ ਭਰਿਆ। ਇਸ ਮੌਕੇ ਜਿੱਥੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਅਤੇ ਧਾਰਮਿਕ ਥਾਵਾਂ ਦੇ ਦਰਸ਼ਨ ਕੀਤੇ, ਉੱਥੇ ਕਿਸਾਨੀ ਦਾ ਮੁੱਦਾ ਵੀ ਗੂੰਜਦਾ ਰਿਹਾ।
ਪਿੰਡ ਰੌਂਤਾ ਵਿੱਚ ਗੁਰਬੰਤ ਦਾਸ ਦੀ ਅਗਵਾਈ ਹੇਠ ਮੋੜੀਗੱਡ ਬਾਬਾ ਬ੍ਰਹਮ ਚੇਤ ਤੇ ਭਾਈ ਅੰਮ੍ਰਿਤੀਆ ਦੇ ਸਥਾਨ ’ਤੇ ਵਿਸਾਖੀ ਮਨਾਈ ਗਈ। ਗੁਰਬੰਤ ਦਾਸ ਨੇ ਦਿੱਲੀ ’ਚ ਚੱਲ ਰਹੇ ਕਿਸਾਨ ਘੋਲ ਦੀ ਜਿੱਤ ਲਈ ਅਰਦਾਸ ਕੀਤੀ। ਡਾ. ਰਾਜਵੀਰ ਸਿੰਘ ਰੌਂਤਾ ਵੱਲੋਂ ਇਲੈਕਟਰੋਹੋਮਿਓਪੈਥਿਕ ਦਵਾਈਆਂ ਦਾ ਮੁਫ਼ਤ ਕੈਂਪ ਲਾਇਆ ਗਿਆ।
ਗੁਰਦੁਆਰਾ ਭਾਈਆਣਾ ਸਾਹਿਬ ’ਚ ਵਿਸਾਖੀ ਮੌਕੇ ਪੁਸਤਕ ਪ੍ਰਦਰਸ਼ਨੀ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਰਕਲ ਭਗਤਾ ਭਾਈ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਗੁਰਦੁਆਰਾ ਭਾਈਆਣਾ ਸਾਹਿਬ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਸਮੇਂ ਸੰਗਤਾਂ ਨੇ ਵੱਡੀ ਗਿਣਤੀ ‘ਚ ਸਿੱਖ ਇਤਿਹਾਸ ਨਾਲ ਸਬੰਧਤ ਪੁਸਤਕਾਂ ਦੀ ਖਰੀਦਦਾਰੀ ਕੀਤੀ। ਪੁਸਤਕ ਪ੍ਰਦਰਸ਼ਨੀ ਦੇ ਪ੍ਰਬੰਧਕ ਡਾ. ਨਿਰਭੈ ਸਿੰਘ ਭਗਤਾ ਨੇ ਕਿਹਾ ਕਿ ਕਿਤਾਬਾਂ ਜਿੱਥੇ ਨਰੋਏ ਸਮਾਜ ਦੀ ਸਿਰਜਣਾ ’ਚ ਅਹਿਮ ਯੋਗਦਾਨ ਪਾਉਂਦੀਆਂ ਹਨ, ਉੱਥੇ ਇਹ ਲੋਕਾਂ ਨੂੰ ਨਸ਼ਿਆਂ ਤੇ ਹੋਰ ਮਾੜੀਆਂ ਅਲਾਮਤਾਂ ਤੋਂ ਬਚਾਈ ਰੱਖਣ ਦਾ ਵੀ ਕਾਰਜ ਕਰਦੀਆਂ ਹਨ। ਇਸ ਮੌਕੇ ਪਹੁੰਚੇ ਪ੍ਰਗਟ ਸਿੰਘ ਭੋਡੀਪੁਰਾ ਕੌਮੀ ਪ੍ਰਧਾਨ ਦਸਤਾਰ ਫੈੱਡਰੇਸ਼ਨ ਨੇ ਸਟੱਡੀ ਸਰਕਲ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।