ਜੋਗਿੰਦਰ ਸਿੰਘ ਮਾਨ
ਮਾਨਸਾ, 26 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਪਿੰਡ ਖਿਆਲਾ ਕਲਾਂ ਦੇ ਵਸਨੀਕਾਂ ’ਤੇ ਚੋਰੀ ਦਾ ਪਰਚਾ ਪਾਉਣ ਵਿਰੁੱਧ ਸਦਰ ਥਾਣਾ ਮਾਨਸਾ ਦਾ ਘਿਰਾਓ ਕੀਤਾ ਗਿਆ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਪੁਲੀਸ ਪ੍ਰਸ਼ਾਸਨ ਦੇ ਮਾਮਲਾ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿੰਡ ਖਿਆਲਾ ਕਲਾਂ ਦੀ ਆਲਮ ਪੱਤੀ ਦੀ 7 ਕਨਾਲ 13 ਮਰਲੇ ਜ਼ਮੀਨ ਤਿੰਨ ਵਿਅਕਤੀਆਂ ਵਲੋਂ ਧੋਖਾਧੜੀ ਨਾਲ ਹਥਿਆ ਲਈ ਹੈ, ਜਿਸ ਵਿੱਚ ਇੱਕ ਸੇਵਾਮੁਕਤ ਪਟਵਾਰੀ, ਇੱਕ ਸੇਵਾਮੁਕਤ ਪੁਲੀਸ ਮੁਲਾਜ਼ਮ ਅਤੇ ਇੱਕ ਹੀਰੋ ਕਲਾਂ ਦਾ ਵਾਸੀ ਹੈ।
ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੇ ਇਸ ਮਸਲੇ ਦੀ ਤਹਿ ਤੱਕ ਜਾਣ ਦੀ ਬਜਾਏ, ਜੋ ਜ਼ਮੀਨ ਦੇ ਮਾਲਕ ਹਨ, ਉਨ੍ਹਾਂ ਉੱਪਰ ਚੋਰੀ ਦਾ ਪਰਚਾ ਦਰਜ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਜੋ ਐਕਸ਼ਨ ਕਮੇਟੀ ਬਣੀ ਹੈ, ਉਹ ਪੁਲੀਸ ਪ੍ਰਸ਼ਾਸਨ ਨੂੰ ਮਿਲ ਚੁੱਕੀ ਹੈ, ਪਰ ਪ੍ਰਸ਼ਾਸਨ ਟਾਲ ਮਟੋਲ ਕਰ ਰਿਹਾ ਹੈ। ਇਸੇ ਦੌਰਾਨ ਥਾਣਾ ਸਦਰ ਮਾਨਸਾ ਦੇ ਇੰਸਪੈਕਟਰ ਵਿਕਰਮਜੀਤ ਸਿੰਘ ਦੇ ਭਰੋਸਾ ਦੇਣ ‘ਤੇ ਧਰਨਾ ਖ਼ਤਮ ਕੀਤਾ ਗਿਆ। ਇਸ ਮੌਕੇ ਲਖਵੀਰ ਸਿੰਘ ਅਕਲੀਆ, ਜਗਦੇਵ ਸਿੰਘ ਭੈਣੀਬਾਘਾ, ਜਗਦੇਵ ਸਿੰਘ ਕੋਟਲੀ, ਰੂਪ ਸਿੰਘ ਖਿਆਲਾ, ਗੁਰਚਰਨ ਸਿੰਘ ਉੱਲਕ, ਦੀਦਾਰ ਸਿੰਘ ਖਾਰਾ, ਅਮਰਜੀਤ ਕੌਰ, ਕਾਕਾ ਸਿੰਘ ਭੈਣੀ, ਸਿਕੰਦਰ ਸਿੰਘ ਖਿਆਲਾ, ਬਲਵਿੰਦਰ ਸਿੰਘ ਚਕੇਰੀਆਂ, ਤਾਰਾ ਸਿੰਘ ਦੂਲੋਵਾਲ ਨੇ ਵੀ ਸੰਬੋਧਨ ਕੀਤਾ।