ਪੱਤਰ ਪ੍ਰੇਰਕ
ਮਾਨਸਾ, 4 ਅਗਸਤ
ਇੱਥੋਂ ਨੇੜਲੇ ਪਿੰਡ ਬੁਰਜ ਹਰੀ ਵਿੱਚ ਕਿਸਾਨ ਅੰਗਰੇਜ਼ ਸਿੰਘ ਦੀ ਛੇ ਕਨਾਲਾਂ ਜ਼ਮੀਨ ਦੀ ਨਿਲਾਮੀ ਤੋਂ ਬਚਾਅ ਉਸ ਵੇਲੇ ਹੋ ਗਿਆ, ਜਦੋਂ ਪੀੜਤ ਕਿਸਾਨ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਝੰਡੇ ਚੁੱਕ ਲਏ ਗਏ। ਜਥੇਬੰਦੀ ਦਾ ਕਹਿਣਾ ਹੈ ਕਿ ਕਿਸਾਨ ਦੀ ਜ਼ਮੀਨ ਸਬੰਧੀ ਕੁਰਕੀ ਦੇ ਆਦੇਸ਼ ਇੱਕ ਆੜ੍ਹਤੀਏ ਵੱਲੋਂ ਹਾਸਲ ਕੀਤੇ ਗਏ ਸਨ, ਪਰ ਅੱਜ ਜਥੇਬੰਦੀ ਦੇ ਹੱਕ ’ਚ ਆਉਣ ਕਾਰਨ ਕੋਈ ਅਧਿਕਾਰੀ ਨਿਲਾਮੀ ਵਾਲੀ ਥਾਂ ’ਤੇ ਨਹੀਂ ਆਇਆ। ਇਸ ਤੋਂ ਬਾਅਦ ਜਥੇਬੰਦੀ ਨੇ ਜੇਤੂ ਰੈਲੀ ਕਰ ਕੇ ਕਿਸਾਨ ਦੇ ਪੱਖ ’ਚ ਖੜ੍ਹਨ ਦਾ ਐਲਾਨ ਕੀਤਾ ਗਿਆ। ਜਥੇਬੰਦੀ ਦੇ ਬਲਾਕ ਪ੍ਰਧਾਨ ਰੂਪ ਸਿੰਘ ਖਿਆਲਾ ਨੇ ਕਿਹਾ ਕਿ ਹਰ ਸਿਆਸੀ ਪਾਰਟੀ ਚੋਣਾਂ ਤੋਂ ਪਹਿਲਾਂ ਕਰਜ਼ੇ, ਕੁਰਕੀਆਂ ਖ਼ਤਮ ਕਰਨ ਦੇ ਦਗਮਜ਼ੇ ਮਾਰਦੀਆਂ ਹਨ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਬਦਲ ਜਾਂਦਾ ਹੈ।