ਸਰਦੂਲਗੜ੍ਹ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਰਮੇ ਦੇ ਖ਼ਰਾਬੇ ਦੇ ਪੈਸੇ ਕਿਸਾਨਾਂ ਦੇ ਖਾਤਿਆਂ ’ਚ ਪਾਉਣ ਦੀ ਮੰਗ ਲਈ ਧਰਨਾ ਦੇ ਕੇ ਤਹਿਸੀਲਦਾਰ ਸਰਦੂਲਗੜ੍ਹ ਦੇ ਦਫ਼ਤਰ ਦਾ ਘੇਰਾਓ ਕੀਤਾ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਆਗੂ ਉੱਤਮ ਸਿੰਘ ਰਾਮਾਨੰਦੀ, ਮਲਕੀਤ ਸਿੰਘ ਕੋਟ ਧਰਮੂ ਅਤੇ ਬਿੰਦਰ ਸਿੰਘ ਝੰਡਾ ਕਲਾਂ ਨੇ ਕਿਹਾ ਕਿ ਗੁਲਾਬੀ ਸੁੰਡੀ ਵੱਲੋਂ ਬਰਬਾਦ ਕੀਤੇ ਗਏ ਨਰਮੇ ਦਾ ਮੁਆਵਜ਼ਾ ਅਜੇ ਤੱਕ ਕੁਝ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਹਲਕੇ ਦੇ ਅੱਧੀ ਦਰਜਨ ਤੋਂ ਜ਼ਿਆਦਾ ਪਿੰਡ ਅਜਿਹੇ ਹਨ ਜਿੱਥੇ ਬਹੁਤ ਸਾਰੇ ਕਿਸਾਨਾਂ ਨੂੰ ਅਜੇ ਤੱਕ ਨਰਮੇ ਖ਼ਰਾਬੇ ਦਾ ਸਰਕਾਰ ਵੱਲੋਂ ਨਿਰਧਾਰਤ ਕੀਤਾ ਗਿਆ ਮੁਆਵਜ਼ਾ ਖਾਤਿਆਂ ਵਿੱਚ ਨਹੀਂ ਪਾਇਆ ਗਿਆ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਰਹਿੰਦੇ ਕਿਸਾਨਾਂ ਦੇ ਖਾਤਿਆਂ ਵਿੱਚ ਬਣਦਾ ਮੁਆਵਜ਼ਾ ਨਾ ਪਾਇਆ ਗਿਆ ਤਾਂ ਉਹ ਵੱਡੇ ਪੱਧਰ ’ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸਰਦੂਲਗੜ੍ਹ ਦੇ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਕਿਸਾਨਾਂ ਦੀ ਸਮੱਸਿਆ ਸੁਣ ਕੇ ਪਿੰਡ ਭੰਮੇ ਕਲਾਂ ਅਤੇ ਲਾਲਿਆਂਵਾਲੀ ਦੇ ਕਿਸਾਨਾਂ ਦੇ ਬਣਦੇ ਮੁਆਵਜ਼ੇ ਦੇ ਚੈੱਕ ਤੁਰੰਤ ਸਬੰਧਤ ਬੈਂਕ ਨੂੰ ਦਿੰਦਿਆਂ ਹੁਕਮ ਕੀਤਾ ਕਿ ਸਬੰਧਤ ਕਿਸਾਨਾਂ ਦੇ ਖਾਤਿਆਂ ’ਚ ਜਲਦੀ ਬਣਦਾ ਮੁਆਵਜ਼ਾ ਪਾਇਆ ਜਾਵੇ। ਇਸ ਮੌਕੇ ਤਹਿਸੀਲਦਾਰ ਨੇ ਕਿਸਾਨਾਂ ਨੂੰ ਕਿਹਾ ਕਿ ਰਹਿੰਦੇ ਪਿੰਡਾਂ ਦੇ ਕਿਸਾਨ ਆਪਣੇ ਬੈਂਕ ਖਾਤਿਆਂ ਨੂੰ ਸਹੀ ਕਰਵਾ ਲੈਣ ਜਿਸ ਤੋਂ ਬਾਅਦ ਜਲਦੀ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਵੀ ਬਣਦਾ ਮੁਆਵਜ਼ਾ ਪਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸਮੂਹ ਕਿਸਾਨਾਂ ਅਤੇ ਜਥੇਬੰਦੀ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। -ਪੱਤਰ ਪ੍ਰੇਰਕ