ਪੱਤਰ ਪ੍ਰੇਰਕ
ਮਾਨਸਾ, 11 ਫਰਵਰੀ
ਨਰਮੇ ਦੀ ਖਰੀਦ ਵਿੱਚ ਘੱਟ ਭਾਅ ਦੀ ਹੇਰਾਫੇਰੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਮਾਰਕਿਟ ਕਮੇਟੀ ਮਾਨਸਾ ਦੇ ਸਕੱਤਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਜਥੇਬੰਦੀ ਨੇ ਦੋਸ਼ ਲਾਇਆ ਕਿ ਨਰਮੇ ਦੀ ਬੋਲੀ ਦੌਰਾਨ ਅਧਿਕਾਰੀਆਂ ਵੱਲੋਂ ਦੋ ਬੋਲੀਆਂ ਲਵਾਈਆਂ ਜਾਂਦੀਆਂ ਹਨ, ਜਿਸ ਕਾਰਨ ਇੱਕੋ ਮੰਡੀ ਵਿੱਚ ਦੋ ਤਰ੍ਹਾਂ ਦੇ ਭਾਅ ਹੋ ਜਾਂਦੇ ਹਨ, ਜਿਸ ਨਾਲ ਕਿਸਾਨਾਂ ਦੀ ਵੱਡੇ ਪੱਧਰ ’ਤੇ ਲੁੱਟ ਹੋ ਰਹੀ ਹੈ। ਯੂਨੀਅਨ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 19 ਜਨਵਰੀ ਨੂੰ ਖਰੀਦਦਾਰ ਆੜਤੀਆਂ ਅਤੇ ਯੂਨੀਅਨ ਦੇ ਆਗੂਆਂ ਵਿਚ ਸਮਝੌਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਨਰਮੇ ਦੀਆਂ ਦੋ ਬੋਲੀਆਂ ਬੰਦ ਕਰਕੇ ਇਕ ਬੋਲੀ ਸ਼ੁਰੂ ਕਰਵਾਈ ਗਈ ਸੀ ਤੇ ਬਿਨਾਂ ਬੋਲੀ ਤੋਂ ਨਰਮਾ ਨਾ ਖਰੀਦਣ ਦਾ ਫੈਸਲਾ ਲਿਆ ਗਿਆ ਸੀ ਪਰ ਇਸ ਦੇ ਬਾਵਜੂਦ ਸਰਕਾਰੀ ਤੰਤਰ ਦੀ ਸ਼ਹਿ ’ਤੇ ਹੁਣ ਮੁੜ ਦੋ ਬੋਲੀਆਂ ਕਰ ਦਿੱਤੀਆਂ ਗਈਆਂ। ਇਸ ਕਾਰਨ ਕਿਸਾਨ ਨੂੰ 1000 ਤੋਂ 1200 ਰੁਪਏ ਪ੍ਰਤੀ ਕੁਇੰਟਲ ਨਰਮੇ ਦਾ ਰੇਟ ਘੱਟ ਮਿਲ ਰਿਹਾ ਹੈ।