ਪੱਤਰ ਪ੍ਰੇਰਕ
ਜੈਤੋ, 9 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਫ਼ਦ ਨੇ ਅੱਜ ਪਿੰਡ ਮੱਲਾ ਤੋਂ ਘਣੀਆਂ ਅਤੇ ਰੋੜੀਕਪੂਰਾ ਤੋਂ ਸਰਾਏਨਾਗਾ ਸੰਪਰਕ ਸੜਕਾਂ ਦੀ ਮੁਰੰਮਤ ਕਰਨ ਸਬੰਧੀ ਐੱਸਡੀਐੱਮ ਦੀ ਗ਼ੈਰ ਹਾਜ਼ਰੀ ਵਿੱਚ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਆਗੂ ਰਣਜੀਤ ਸਿੰਘ ਮੱਲਾ ਅਤੇ ਛਿੰਦਾ ਸਿੰਘ ਨੇ ਦੱਸਿਆ ਕਿ ਮੱਲਾ ਤੋਂ ਘਣੀਆਂ ਸੜਕ ਦਾ ਕੰਮ ਕਾਫੀ ਸਮੇਂ ਤੋਂ ਅਧੂਰਾ ਹੈ। ਉਨ੍ਹਾਂ ਕਿਹਾ ਕਿ ਇਸ ਅਧੂਰੀ ਸੜਕ ’ਤੇ ਬਹੁਤ ਸਾਰੇ ਹਾਦਸੇ ਵਾਪਰ ਚੁੱਕੇ ਹਨ। ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਦਲ ਸਿੰਘ ਨੇ ਰੋੜੀਕਪੂਰਾ ਤੋਂ ਸਰਾਏਨਾਗਾ ਸੜਕ ਬਾਰੇ ਦੱਸਿਆ ਕਿ ਇਹ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਦਰਜਨਾਂ ਪਿੰਡਾਂ ਦੀਆਂ ਫਿਰਨੀਆਂ ਤੋਂ ਇਹ ਸੜਕ ਟੁੱਟੀ ਹੋਈ ਹੈ ਪਰ ਪਿੰਡ ਸੂਰਘੁਰੀ ਦੀ ਫਿਰਨੀ ਦੀ ਹਾਲਤ ਜ਼ਿਆਦਾ ਖਸਤਾ ਹੈ।
ਤਹਿਸੀਲਦਾਰ ਲਵਪ੍ਰੀਤ ਕੌਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਪੱਤਰ ਸਬੰਧਤ ਅਧਿਕਾਰੀਆਂ ਨੂੰ ਭੇਜ ਕੇ ਜਲਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਵਫ਼ਦ ’ਚ ਜ਼ਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਰੋੜੀਕਪੂਰਾ, ਬਲਾਕ ਪ੍ਰਧਾਨ ਜਗਜੀਤ ਸਿੰਘ ਜੈਤੋ, ਚਰਨਜੀਤ ਸਿੰਘ ਰਣ ਸਿੰਘ ਵਾਲਾ, ਮਨਵੀਰ ਸਿੰਘ ਰੋੜੀਕਪੂਰਾ ਆਦਿ ਹਾਜ਼ਰ ਸਨ।