ਪਵਨ ਗੋਇਲ
ਭੁੱਚੋ ਮੰਡੀ, 16 ਨਵੰਬਰ
ਅੰਦੋਲਨਕਾਰੀ ਨੌਜਵਾਨ ਸ਼ਗਨਦੀਪ ਸਿੰਘ ਦਾ ਸਰਕਾਰੀ ਖਰਚੇ ‘ਤੇ ਇਲਾਜ ਕਰਵਾਉਣ ਦਾ ਮਾਮਲਾ ਉਸ ਸਮੇਂ ਪੇਚੀਦਾ ਹੋ ਗਿਆ, ਜਦੋਂ ਬੈਸਟ ਪ੍ਰਾਈਜ਼ ਮਾਲ ਮੋਰਚੇ ਵਿੱਚ ਪਹੁੰਚੇ ਬਠਿੰਡਾ ਦੇ ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਸ਼ਗਨਦੀਪ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਕਰਵਾਉਣ ਦੀ ਪੇਸ਼ਕਸ਼ ਕੀਤੀ। ਉਸ ਦਾ ਇਲਾਜ ਬਠਿੰਡਾ ਵਿੱਚ ਕਰਵਾਉਣ ਦੀ ਮੰਗ ‘ਤੇ ਅੜੇ ਕਿਸਾਨ ਆਗੂਆਂ ਨੇ ਤਹਿਸੀਲਦਾਰ ਦੀ ਇਸ ਪੇਸ਼ਕਸ਼ ਨੂੰ ਮੁੱਢੋਂ ਹੀ ਨਕਾਰ ਦਿੱਤਾ।
ਰੋਹ ਵਿੱਚ ਆਏ ਕਿਸਾਨਾਂ ਨੇ ਲਹਿਰਾ ਬੇਗਾ ਟੌਲ ਪਲਾਜ਼ਾ ‘ਤੇ ਜਾਮ ਲਗਾ ਦਿੱਤਾ। ਆਵਾਜਾਈ ਵਿੱਚ ਭਾਰੀ ਵਿਘਨ ਪਿਆ। ਰਾਹਗੀਰਾਂ ਨੂੰ ਆਪਣੀਆਂ ਮੰਜ਼ਲਾਂ ‘ਤੇ ਪਹੁੰਚਣ ਲਈ ਲੰਮੇ ਰਾਸਤੇ ਤੈਅ ਕਰਨੇ ਪਏ।
ਟੌਲ ਪਲਾਜ਼ਾ ਜਾਮ ਦੀ ਅਗਵਾਈ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਆਗੂ ਪਰਮਜੀਤ ਕੌਰ ਪਿੱਥੋ, ਹਰਜਿੰਦਰ ਬੱਘੀ, ਹੁਸ਼ਿਆਰ ਸਿੰਘ, ਬਲਜੀਤ ਸਿੰਘ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਸ਼ਗਨਦੀਪ ਦੇ ਇਲਾਜ ਲਈ ਕਿਸਾਨ ਤਿੰਨ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਪ੍ਰਸ਼ਾਸਨਿਕ ਅਧਿਕਾਰੀ ਦੀ ਬੇਰੁਖੀ ਕਾਰਨ ਉਸ ਦਾ ਇਲਾਜ ਲਟਕਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਧਨਾਢ ਮੰਤਰੀਆਂ ਦੇ ਇਲਾਜ ਦਾ ਖਰਚਾ ਝੱਟ ਦੇ ਦਿੰਦੀਆਂ ਹਨ, ਪਰ ਕਿਰਤੀਆਂ ਦੀ ਬਾਂਹ ਫੜਨ ਵੇਲੇ ਸੋਚਣ ਲੱਗ ਪੈਂਦੀਆਂ ਹਨ। ਆਗੂਆਂ ਦੱਸਿਆ ਕਿ ਦੋ ਘੰਟਿਆਂ ਦੇ ਜਾਮ ਮਗਰੋਂ ਡੀਐੱਸਪੀ ਆਸਵੰਤ ਸਿੰਘ ਅਤੇ ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਵੱਲੋਂ ਲੋੜੀਂਦਾ ਇਲਾਜ ਕਰਵਾਉਣ ਦੇ ਭਰੋਸੇ ਬਾਅਦ ਜਾਮ ਸਮਾਪਤ ਕਰ ਦਿੱਤਾ ਹੈ।