ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 3 ਮਈ
ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਨੇ ਪੰਜਾਬ ਰਾਜ ਬੀਜ ਨਿਗਮ ਦੇ ਕੋਟਕਪੂਰਾ ਗੁਦਾਮ ’ਚੋਂ 87 ਕੁਇੰਟਲ ਪੀਆਰ 126 ਬੀਜ ਨਾਲ ਲੱਦਿਆਂ ਕੈਂਟਰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਹੈ। ਦਰਅਸਲ, ਪੀਆਰ 126 ਝੋਨੇ ਦੀ ਕਿਸਮ ਹੈ ਜਿਸ ਦੀ ਇਸ ਸਮੇਂ ਪੰਜਾਬ ਵਿਚ ਮੰਗ ਬਹੁਤ ਜ਼ਿਆਦਾ ਹੋਣ ਕਰਕੇ ਕੋਟਕਪੂਰਾ ਨਿਗਮ ਦੇ ਗੁਦਾਮ ’ਚ ਕਿਸਾਨ ਨੂੰ ਮੰਗਣ ’ਤੇ ਇਹ ਬੀਜ ਨਹੀਂ ਦਿੱਤਾ ਜਾ ਰਿਹਾ ਸੀ। ਕਿਸਾਨਾਂ ਨੇ ਉਸ ਸਮੇਂ ਗੁਦਾਮ ਵਿਚ ਛਾਪਾ ਮਾਰਿਆ ਜਦ ਬੀਜ ਦੀ ਗੱਡੀ ਲੋਡ ਹੋ ਕੇ ਮਾਨਸਾ ਦੀ ਇਕ ਫਰਮ ਕੋਲ ਜਾ ਰਹੀ ਸੀ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਉਨ੍ਹਾਂ ਬੀਜ ਸਬੰਧੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨਾਲ ਫੋਨ ’ਤੇ ਸੰਪਰਕ ਕੀਤਾ ਸੀ। ਡਾਇਰੈਕਟਰ ਵੱਲੋਂ ਦੱਸਿਆ ਗਿਆ ਕਿ ਬੀਜ ਦੀ ਕਿੱਲਤ ਚੱਲ ਰਹੀ ਹੈ ਪ੍ਰੰਤੂ ਕੋਟਕਪੂਰਾ ਗੁਦਾਮ ਵਿਚ ਬੀਜ ਪਿਆ ਸੀ। ਇਸ ਦੇ ਬਾਵਜੂਦ ਕਿਸਾਨਾਂ ਨੂੰ ਬੀਜ ਕਿਉਂ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਦੇ ਅਧਿਕਾਰੀ ਕਿਸਾਨਾਂ ਦੀ ਬਜਾਏ ਡੀਲਰਾਂ ਨੂੰ ਕਥਿਤ ਨਿੱਜੀ ਫਾਇਦੇ ਲੈ ਕੇ ਬੀਜ ਵੇਚ ਰਹੇ ਹਨ। ਕਿਸਾਨ ਆਗੂ ਸੁਖਮੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੀਆਰ 126 ਦੀ ਗੱਡੀ ਲੋਡ ਹੋ ਰਹੀ ਹੈ ਤਾਂ ਉਹ ਆਪਣੇ ਸਾਥੀ ਕਿਸਾਨਾਂ ਨਾਲ ਮੌਕੇ ’ਤੇ ਪਹੁੰਚੇ ਤੇ ਮੌਕੇ ’ਤੇ ਮੀਡੀਆ ਨੂੰ ਸੱਦ ਕੇ ਗੱਡੀ ਪੁਲੀਸ ਹਵਾਲੇ ਕਰ ਦਿੱਤੀ।
ਮੁੱਖ ਖੇਤੀਬਾੜੀ ਅਫਸਰ ਕਿਰਨਜੀਤ ਸਿੰਘ ਅਗਵਾਈ ਹੇਠ ਅੱਜ ਨਿਗਮ ਦੇ ਸਥਾਨਕ ਡਿਪੂ ਦੇ ਰਿਕਾਰਡ ਦੀ ਚੈਕਿੰਗ ਕੀਤੀ ਗਈ। ਸਟਾਕ ਮਿਲਾਨ ਕਰਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ। ਡਿਪੂ ਮੈਨੇਜਰ ਜਗਦੀਪ ਸਿੰਘ ਨੇ ਦੱਸਿਆ ਕਿ ਲੰਘੀ ਸ਼ਾਮ ਬੀਜ ਦਾ ਕੈਂਟਰ ਮਾਨਸਾ ਖੇਤੀਬਾੜੀ ਵਿਭਾਗ ਨੂੰ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਦੇ ਖੇਤੀਬਾੜੀ ਵਿਭਾਗ ਨੇ ਡਿਮਾਂਡ ਹੀ ਨਹੀਂ ਕੀਤੀ ਤਾਂ ਅਸੀਂ ਸਪਲਾਈ ਕਿਵੇਂ ਦੇ ਸਕਦੇ ਸੀ।