ਪਵਨ ਗੋਇਲ
ਭੁੱਚੋ ਮੰਡੀ, 8 ਜੁਲਾਈ
ਪਿੰਡ ਭੁੱਚੋ ਖੁਰਦ ਦੇ ਇੱਕ ਕਿਸਾਨ ਨੇ ਚਿੱਟੀ ਮੱਖੀ ਦੇ ਹਮਲੇ ਤੋਂ ਅੱਕੇ ਕੇ ਆਪਣੀ ਤਿੰਨ ਏਕੜ ਨਰਮੇ ਦੀ ਫ਼ਸਲ ਵਾਹ ਦਿੱਤੀ। ਕਿਰਤੀ ਕਿਸਾਨ ਯੂਨੀਅਨ (ਔਰਤ ਵਿੰਗ) ਦੀ ਪਿੰਡ ਇਕਾਈ ਪ੍ਰਧਾਨ ਮਨਜੀਤ ਕੌਰ ਪਿਆਰੋ ਨੇ ਦੱਸਿਆ ਕਿ ਭੁੱਚੋ ਖੁਰਦ ਦੇ ਕਿਸਾਨ ਜਸਵੀਰ ਸਿੰਘ ਪੁੱਤਰ ਮਲਕੀਤ ਸਿੰਘ ਨੇ ਚਾਲੀ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਜ਼ਮੀਨ ਲੈ ਕੇ ਤਿੰਨ ਏਕੜ ਵਿੱਚ ਨਰਮੇ ਦੀ ਫ਼ਸਲ ਬੀਜੀ ਸੀ। ਇਸ ਵਿੱਚੋਂ ਦੋ ਏਕੜ ਵਿਚਲੇ ਨਰਮੇ ਨੂੰ ਚਿੱਟੇ ਮੱਛਰ ਅਤੇ ਤੇਲੇ ਦੇ ਹਮਲੇ ਕਾਰਨ ਵਾਹੁਣਾ ਪਿਆ ਹੈ।
ਨਿਰਮਲ ਸਿੰਘ ਸੰਧੂ ਅਤੇ ਲਵੀ ਸਿੰਘ ਸੰਧੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਬਹੁਤ ਵਧੀਆ ਨਰਮੇ ਦੇ ਬੀਜ ਅਤੇ ਕੀੜੇ ਮਾਰ ਦਵਾਈਆਂ ਮੁਹੱਈਆ ਕਰਵਾਉਣ ਦੇ ਵਾਅਦੇ ਕੀਤੇ ਸਨ। ਜੋ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨ ਨੂੰ ਪ੍ਰਤੀ ਏਕੜ ਚਾਲੀ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਵਾਰ ਨਰਮੇ ’ਤੇ ਕੀੜੀਆਂ ਦਾ ਹਮਲਾ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਫ਼ਸਲੀ ਵਿਭਿੰਨਤਾ ਨੂੰ ਵੱਡੀ ਸੱਟ ਵੱਜੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕਿਸਾਨ ਨੂੰ ਮੁਆਵਜ਼ਾ ਨਾ ਦਿੱਤਾ ਤਾਂ ਯੂਨੀਅਨ ਸੰਘਰਸ਼ ਕਰੇਗੀ।
ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਏਡੀਓ ਡਾ. ਜਗਤ ਸਿੰਘ ਨੇ ਦੱਸਿਆ ਕਿ ਚਿੱਟੀ ਮੱਖੀ ਬਹੁਤ ਘੱਟ ਮਾਤਰਾ ਵਿੱਚ ਹੈ। ਜੋ ਇੱਕ ਮੀਂਹ ਪੈਣ ਨਾਲ ਮਰ ਜਾਵੇਗੀ। ਚਿੱਟੀ ਮੱਖੀ ਕਾਰਨ ਹਾਲੇ ਨਰਮਾ ਵਾਹੁਣ ਵਾਲੀ ਸਥਿਤੀ ਨਹੀਂ ਬਣੀ ਹੈ।