ਜਗਤਾਰ ਸਮਾਲਸਰ
ਏਲਨਾਬਾਦ, 18 ਦਸੰਬਰ
ਇੱਥੋਂ ਦੇ ਪਿੰਡ ਬੇਹਰਵਾਲਾ ਖੁਰਦ ਦੇ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਸੈਨਿਕ ਰਾਧੇ ਸ਼ਿਆਮ ਭਾਕਰ ਦੇ ਪਰਿਵਾਰ ਦੀ ਅਜੇ ਤੱਕ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਗਈ। ਅੱਜ ਰਾਧੇ ਸ਼ਿਆਮ ਦੇ ਮਾਤਾ-ਪਿਤਾ ਅਤੇ ਭਰਾ ਅਮੀ ਲਾਲ ਨੇ ਦੱਸਿਆ ਕਿ ਅੱਜ ਰਾਧੇ ਸ਼ਿਆਮ ਦੇ ਸ਼ਹੀਦੀ ਦਿਵਸ ਮੌਕੇ ਪਿੰਡ ਦੇ ਪਾਰਕ ਵਿੱਚ ਬਣੀ ਉਨ੍ਹਾਂ ਦੀ ਯਾਦਗਾਰ ’ਤੇ ਸਕੂਲੀ ਬੱਚਿਆਂ ਅਤੇ ਕੁਝ ਪਤਵੰਤੇ ਲੋਕਾਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਦੋਕਿ ਕੋਈ ਵੀ ਸਰਕਾਰੀ ਅਧਿਕਾਰੀ ਇਸ ਸਮੇਂ ਨਹੀਂ ਪਹੁੰਚਿਆ। ਉਨ੍ਹਾਂ ਦੱਸਿਆ ਰਾਧੇ ਸ਼ਿਆਮ ਦਾ ਵਿਆਹ 3 ਮਾਰਚ 1999 ਨੂੰ ਹੋਇਆ ਸੀ ਅਤੇ ਕੇਵਲ 9 ਮਹੀਨੇ ਬਾਅਦ ਹੀ 17 ਦਸੰਬਰ 1999 ਨੂੰ ਉਹ ਕਾਰਗਿਲ ਵਿੱਚ ਸ਼ਹੀਦ ਹੋ ਗਿਆ ਸੀ। ਉਸ ਸਮੇਂ ਕੇਂਦਰ ਅਤੇ ਸੂਬਾਈ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਗੈਸ ਏਜੰਸੀ ਜਾਂ ਪੈਟਰੋਲ ਪੰਪ ਅਲਾਟ ਕੀਤੇ ਜਾਣ ਅਤੇ ਇੱਕ ਮੈਂਬਰ ਨੂੰ ਨੌਕਰੀ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ ਜੋ ਅੱਜ ਤੱਕ ਪੂਰਾ ਨਹੀਂ ਹੋਇਆ ਹੈ।