ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 8 ਮਈ
ਪਿੰਡ ਮੰਦਰ ਕਲਾਂ ਦਾ ਇਕ ਪਰਿਵਾਰ ਮੌਤ ਦੇ ਸਾਏ ਹੇਠ ਦਿਨ ਕਟੀ ਕਰ ਰਿਹਾ ਹੈ। ਘਰ ’ਚ ਲੱਗਿਆ ਟਰਾਂਸਫਾਰਮ ਤੇ ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਪਰਿਵਾਰ ਦਾ ਹਰ ਵੇਲੇ ਸਾਹ ਸੁਕਾਈ ਰੱਖਦੀਆਂ ਹਨ। ਪਰਿਵਾਰ ਤੇ ਪਿੰਡ ਵਾਸੀ ਪੰਦਰਾਂ ਸਾਲਾਂ ਤੋਂ ਪਾਵਰਕੌਮ ਕੋਲੋਂ ਘਰ ਵਿੱਚੋਂ ਟਰਾਂਸਫਾਰਮਰ ਹਟਾਉਣ ਲਈ ਚਾਰਾਜੋਈ ਘਰ ਹਨ ਪਰ ਪਾਵਰਕੌਮ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਪਰਿਵਾਰ ਦਾ ਇੱਕ ਜੀਅ ਬਿਜਲੀ ਦੀਆਂ ਘਰ ਉਪਰੋਂ ਲੰਘਦੀਆਂ ਹਾਈ ਵੋਲਟੇਜ਼ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਬਣ ਚੁੱਕਾ ਹੈ। ਪਿੰਡ ਮੰਦਰ ਕਲਾਂ ਦੇ ਵਸਨੀਕ ਡਾ. ਬਲਵੰਤ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਘਰ ’ਚੋਂ ਟਰਾਂਸਫਾਰਮਰ ਨੂੰ ਹਟਾਉਣ ਤੇ ਹਾਈ ਵੋਲਟੇਜ਼ ਤਾਰਾਂ ਨੂੰ ਹਟਾਉਣ ਲਈ ਕਈ ਵਰ੍ਹਿਆਂ ਤੋਂ ਚਾਰਾਜੋਈ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਦੇ ਚਾਚਾ ਜਗੀਰ ਸਿੰਘ ਹਾਈ ਵੋਲਟੇਜ਼ ਤਾਰਾਂ ਦੀ ਲਪੇਟ ’ਚ ਆ ਕੇ ਰੱਬ ਨੂੰ ਪਿਆਰੇ ਹੋ ਗਏ ਤੇ ਉਨ੍ਹਾਂ ਦੀਆਂ ਦੋ ਕੀਮਤੀ ਮੱਝਾਂ ਕਰੰਟ ਲੱਗਣ ਕਾਰਨ ਮਾਰ ਚੁੱਕੀਆਂ ਹਨ। ਉਨ੍ਹਾਂ ਦੀ ਹਵੇਲੀ ’ਚ ਟਰਾਂਸਫਾਰਮਰ ਲਾ ਦਿਤਾ ਗਿਆ ਪਰ ਹੁਣ ਇਸ ਜਗ੍ਹਾ ’ਤੇ ਉਨ੍ਹਾਂ ਮਕਾਨ ਬਣਾ ਲਏ ਹਨ। ਛੱਤ ਉਪਰੋਂ ਹਾਈ ਵੋਲਟੇਜ਼ ਦੀ ਲਾਾਂਹਨ ਲੰਘ ਰਹੀ ਹੈ ਤੇ ਉਨ੍ਹਾਂ ਦੇ ਪਰਿਵਾਰ ਨੂੰ ਹਮੇਸ਼ਾ ਕਰੰਟ ਲੱਗਣ ਦਾ ਖ਼ਦਸ਼ਾ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਪਾਵਰਕੌਮ ਦੇ ਉਪ ਮੰਡਲ ਫਤਿਹਗੜ੍ਹ ਪੰਜਤੂਰ ਦੇ ਅਧਿਕਾਰੀਆਂ ਤੋਂ ਇਲਾਵਾ ਐਕਸੀਅਨ ਮੋਗਾ ਕੋਲ ਕਈ ਵਾਰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਬਿਜਲੀ ਦੇ ਟਰਾਂਸਫਾਰਮਰ ਨੂੰ ਘਰ ’ਚੋਂ ਨਹੀਂ ਹਟਾਇਆ ਗਿਆ। ਹੁਣ ਇਹ ਮਾਮਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਆਪਣੇ ਹੱਥ ਲੈ ਲਿਆ ਹੈ। ਅੱਜ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਛੱਤਰ ਸਿੰਘ ਵਰਪਾਲ, ਜਸਪ੍ਰੀਤ ਸਿੰਘ ਰਾਊਵਾਲਾ ਨੇ ਇਸ ਪਰਿਵਾਰ ਨਾਲ ਪਿੰਡ ਮੰਦਰ ਕਲਾਂ ’ਚ ਜਾ ਕੇ ਬੈਠਕ ਕੀਤੀ ਹੈ।
ਇਸ ਮਾਮਲੇ ਸਬੰਧੀ ਪਾਵਰਕੌਮ ਦੇ ਉਪ ਮੰਡਲ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਇਹ ਟਰਾਂਸਫਾਰਮਰ ਵਾਲੀ ਜਗ੍ਹਾ ਦਾ ਦੌਰਾ ਕੀਤਾ ਹੈ ਤੇ ਸਬੰਧਤ ਪਰਿਵਾਰ ਨੂੰ ਫੀਸ ਜਮ੍ਹਾਂ ਕਰਵਾਉਣ ਲਈ ਕਿਹਾ ਹੈ ਤੇ ਫ਼ੀਸ ਜਮ੍ਹਾਂ ਹੋਣ ਮਗਰੋਂ ਟਰਾਂਸਫਾਰਮਰ ਤੇ ਖੰਭੇ ਨੂੰ ਉਥੋਂ ਹਟਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 1972 ਤੋਂ ਇਹ ਟਰਾਂਸਫਾਰਮਰ ਤੇ ਖੰਭੇ ਲੱਗੇ ਸਨ।