ਪੱਤਰ ਪ੍ਰੇਰਕ
ਮਾਨਸਾ, 3 ਸਤੰਬਰ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਪੈਨਸ਼ਨਰਜ਼ ਐਸੋਸੀਏਸ਼ਨ ਮਾਨਸਾ ਵੱਲੋਂ 33 ਕੇ.ਵੀ. ਗਰਿੱਡ ਕਲੋਨੀ ਵਿੱਚ ਭਗਵਾਨ ਸਿੰਘ ਭਾਟੀਆ ਦੀ ਪ੍ਰਧਾਨਗੀ ਹੇਠ ਇਕੱਤਰਤਾ ਹੋਈ, ਜਿਸ ਦੌਰਾਨ ਮੁਲਾਜ਼ਮਾਂ ਨੇ ਸਰਕਾਰ ਵੱਲੋਂ ਲਾਏ ‘ਐਸਮਾ’ ਦਾ ਵਿਰੋਧ ਕੀਤਾ। ਐਸੋਸੀਏਸ਼ਨ ਦੇ ਆਗੂ ਮਨਿੰਦਰ ਸਿੰਘ ਜਵਾਹਰਕੇ ਨੇ ਕਿਹਾ ਕਿ ਲੰਮੇ ਸਮੇਂ ਤੋਂ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਵਾਰ-ਵਾਰ ਮੰਗ ਪੱਤਰ ਦੇਣ ਅਤੇ ਮੀਟਿੰਗ ਕਰਨ ਦੇ ਬਾਵਜੂਦ ਰਿਟਾਇਰੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਅਣਗਹਿਲੀ ਵਾਲਾ ਰਵੱਈਆ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਮੇਜਰ ਸਿੰਘ ਦੂਲੋਵਾਲ, ਅਮਰਜੀਤ ਸਿੰਘ ਖੋਖਰ, ਜਗਰਾਜ ਸਿੰਘ ਰੱਲਾ ਤੇ ਬਿੱਕਰ ਸਿੰਘ ਮਘਾਣੀਆਂ ਨੇ ਵੀ ਸੰਬੋਧਨ ਕੀਤਾ।