ਪੱਤਰ ਪ੍ਰੇਰਕ
ਤਲਵੰਡੀ ਸਾਬੋ, 7 ਅਕਤੂਬਰ
ਪਿੰਡ ਲੇਲੇਵਾਲਾ ਕੋਲ ਦੋ ਦਿਨ ਪਹਿਲਾਂ ਸ਼ਾਮ ਵੇਲੇ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ 1.60 ਲੱਖ ਰੁਪਏ ਦੀ ਲੁੱਟ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਤਲਵੰਡੀ ਸਾਬੋ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਫਾਇਨਾਂਸ ਕੰਪਨੀ ਦਾ ਮੁਲਾਜ਼ਮ ਖੁਦ ਹੀ ਲੁੱਟ ਦਾ ਸਾਜ਼ਿਸ਼ਘਾੜਾ ਨਿਕਲਿਆ। ਉਸ ਨੇ ਆਪਣੇ ਇੱਕ ਰਿਸ਼ਤੇਦਾਰ ਨਾਲ ਮਿਲ ਕੇ ਉਕਤ ਫ਼ਰਜ਼ੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ।
ਡੀਐੱਸਪੀ ਤਲਵੰਡੀ ਸਾਬੋ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਭਾਰਤ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਰਵੀ ਸਿੰਘ ਵਾਸੀ ਦਾਦੂ (ਹਰਿਆਣਾ) ਨੇ ਦੋ ਦਿਨ ਪਹਿਲਾਂ ਸਥਾਨਕ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਸੀ ਕਿ ਉਹ ਪਿੰਡਾਂ ਵਿੱਚੋਂ ਕਿਸ਼ਤਾਂ ਦੀ ਉਗਰਾਹੀ ਕਰ ਕੇ ਮਾਨਸਾ ਕਲਾਂ ਵੱਲੋਂ ਪਿੰਡ ਲੇਲੇਵਾਲਾ ਰਾਹੀਂ ਤਲਵੰਡੀ ਸਾਬੋ ਆ ਰਿਹਾ ਸੀ ਕਿ ਲੇਲੇਵਾਲਾ ਤੋਂ ਥੋੜੀ ਦੂਰ ਪਹਿਲਾਂ ਦੋ ਮੋਟਰਸਾਈਕਲ ਸਵਾਰ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਪੈਸਿਆਂ ਵਾਲਾ ਬੈਗ ਖੋਹ ਕੇ ਲੈ ਗਏ। ਬੈਗ ਵਿੱਚ 1.60 ਲੱਖ ਰੁਪਏ ਸਨ।
ਪੁਲੀਸ ਨੇ ਰਵੀ ਸਿੰਘ ਦੇ ਬਿਆਨਾਂ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਆਰੰਭੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਮੁੱਦਈ ’ਤੇ ਸ਼ੱਕ ਹੋਇਆ ਅਤੇ ਮਾਮਲਾ ਜ਼ਿਲ੍ਹਾ ਪੁਲੀਸ ਮੁਖੀ ਦੇ ਧਿਆਨ ਵਿੱਚ ਲਿਆਂਦਾ ਗਿਆ। ਉਪਰੰਤ ਪੁਲੀਸ ਨੇ ਜਦੋਂ ਡੂੰਘਾਈ ਅਤੇ ਸਖ਼ਤੀ ਨਾਲ ਰਵੀ ਸਿੰਘ ਕੋਲੋਂ ਪੁੱਛਗਿਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਹੈ। ਲੁੱਟ ਦੇ ਪੈਸੇ ਉਸ ਦੇ ਰਿਸ਼ਤੇਦਾਰ ਕੋਲ ਹਨ ਅਤੇ ਗੱਲ ਠੰਢੀ ਪੈਣ ਤੋਂ ਬਾਅਦ ਉਨ੍ਹਾਂ ਨੇ ਪੈਸੇ ਅੱਧੇ-ਅੱਧੇ ਵੰਡਣੇ ਸਨ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਭਾਰਤ ਫਾਇਨਾਂਸ ਕੰਪਨੀ ਦੇ ਮੈਨੇਜਰ ਪ੍ਰਿਤਪਾਲ ਸਿੰਘ ਦੇ ਬਿਆਨਾਂ ’ਤੇ ਕੇਸ ਦੀਆਂ ਧਾਰਾਵਾਂ ਵਿੱਚ ਵਾਧਾ ਕੀਤਾ ਗਿਆ ਹੈ। ਪੁਲੀਸ ਨੇ ਰਵੀ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੰਦੋਹਾ ਨੂੰ ਕਾਬੂ ਕਰ ਕੇ 1.32 ਲੱਖੀ ਰੁਪਏ ਬਰਾਮਦ ਕਰ ਲਏ ਹਨ ਜਦ ਕਿ ਬਾਕੀ ਰਾਸ਼ੀ ਦਾ ਵੀ ਪਤਾ ਲਗਾਇਆ ਜਾਵੇਗਾ।