ਬੀਰਬਲ ਰਿਸ਼ੀ
ਸ਼ੇਰਪੁਰ, 17 ਸਤੰਬਰ
ਕੋਆਪਰੇਟਿਵ ਸੁਸਾਇਟੀ ਕਾਤਰੋਂ ਦੇ ਪ੍ਰਧਾਨ ਸਮੇਤ ਹੋਰ ਆਹੁਦੇਦਾਰਾਂ ਦੀ ਅੱਜ ਹੋਣ ਵਾਲੀ ਚੋਣ ਜ਼ਿਲ੍ਹਾ ਰਜਿਸਟਰਾਰ ਦੀ ਅਦਾਲਤ ਵਿੱਚ ਗੁਰਵਿੰਦਰ ਸਿੰਘ ਤੇ ਹੋਰਨਾਂ ਵੱਲੋਂ ਪਾਈ ਪਟੀਸ਼ਨ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਲਟਕ ਗਈ ਹੈ। ਹੁਕਮਰਾਨ ਧਿਰ ਦੇ ਖਫ਼ਾ ਡਾਇਰੈਕਟਰਾਂ ਨੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਲੰਘੀ 26 ਅਗਸਤ ਨੂੰ ਰਾਮਨਗਰ ਛੰਨਾ ਸਮੇਤ ਦੋ ਪਿੰਡਾਂ ’ਤੇ ਅਧਾਰਤ ਕੋਆਪਰੇਟਿਵ ਸੁਸਾਇਟੀ ਕਾਤਰੋਂ ਦੇ 11 ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਸੀ ਜਿਸ ਮਗਰੋਂ 17 ਸਤੰਬਰ ਨੂੰ ਪ੍ਰਧਾਨਗੀ ਸਮੇਤ ਹੋਰ ਆਹੁਦੇਦਾਰਾਂ ਦੀ ਚੋਣ ਦਾ ਏਜੰਡਾ ਕੱਢਿਆ ਗਿਆ ਸੀ। ਅੱਜ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਐਨ ਪਹਿਲਾਂ ‘ਸਟੇਅ ਆਰਡਰਾਂ’ ਸਬੰਧੀ ਸੁਸਾਇਟੀ ਦੇ ਮੈਂਬਰ ਡਾਇਰੈਕਟਰਾਂ ਪਲਵਿੰਦਰ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਅਵਤਾਰ ਸਿੰਘ, ਮਨਿੰਦਰ ਸਿੰਘ ਸਮੇਤ ਬਹੁਗਿਣਤੀ ਮੈਂਬਰਾਂ ਨੇ ਕਾਂਗਰਸੀ ਸਰਪੰਚ ਬਹਾਦਰ ਸਿੰਘ ਬਾਗੜੀ ਦੀ ਅਗਵਾਈ ਹੇਠ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਕੋਲ ਰੋਸ ਜਿਤਾਇਆ। ਵਿਧਾਇਕ ਨੇ ਕਿਹਾ ਕਿ ਉਹ ਆਪਣੇ ਆਗੂ ਵਰਕਰਾਂ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਣ ਦੇਣਗੇ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਪਿੰਡ ਬਾਲੀਆਂ ਵਿੱਚ ਸੁਸਾਇਟੀ ਦੀ ਚੁੱਪ-ਗੜੁੱਪ ਚੋਣ ਦਾ ਮਾਮਲਾ ਵਿਭਾਗ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ।
ਆਰਜ਼ੀ ਰਾਹਤ ਦਿੱਤੀ ਹੈ: ਰਜਿਸਟਰਾਰ
ਜ਼ਿਲ੍ਹਾ ਰਜਿਸਟਰਾਰ ਅਨਿਲ ਕੁਮਾਰ ਨੇ ਕਿਹਾ ਕਿ ਪਟੀਸ਼ਨ ਪਾਉਣ ਦਾ ਸਭ ਨੂੰ ਅਧਿਕਾਰ ਹੈ ਅਤੇ ਕਾਤਰੋਂ ਚੋਣ ਮਾਮਲੇ ਵਿੱਚ ਪਟੀਸ਼ਨਰਾਂ ਨੂੰ ਆਰਜ਼ੀ ਰਾਹਤ ਦੇ ਕੇ 27 ਦੀ ਪੇਸ਼ੀ ਲਈ ਰਿਕਾਰਡ ਤਲਬ ਕੀਤਾ ਹੈ। ਰਿਕਾਰਡ ਦੀ ਪੜਤਾਲ ਤੋਂ ਬਾਅਦ ਮੈਰਿਟ ਦੇ ਅਧਾਰ ’ਤੇ ਫੈਸਲਾ ਲਿਆ ਜਾਵੇਗਾ। ਕਿਸੇ ਨਾਲ ਧੱਕੇਸ਼ਾਹੀ ਦੀ ਕੋਈ ਗੁੰਜਾਇਸ਼ ਹੀ ਨਹੀਂ। ਉਨ੍ਹਾਂ ਕਿਹਾ ਕਿ ਆਹੁਦੇਦਾਰਾਂ ਦੀ ਚੋਣ ਰੋਕੇ ਜਾਣ ਨਾਲ ਕੋਈ ਖਰਚਾ ਨਹੀਂ ਵਧੇਗਾ।