ਨਵਕਿਰਨ ਸਿੰਘ
ਮਹਿਲ ਕਲਾਂ, 14 ਜੁਲਾਈ
ਇਥੇ ਨੇੜਲੇ ਪਿੰਡ ਕੁਰੜ ਵਿਖੇ ਜ਼ਮੀਨੀ ਵਿਵਾਦ ’ਚ ਇਨਸਾਫ ਨਾ ਮਿਲਣ ਤੋਂ ਅੱਕਿਆ ਦਲਿਤ ਭਾਈਚਾਰੇ ਨਾਲ ਸਬੰਧਤ ਬਜ਼ੁਰਗ ਜੋੜਾ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਮਿਲੀ ਜਾਣਕਾਰੀ ਅਨੁਸਾਰ ਅਮਰ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਕੁਰੜ ਨਜ਼ੂਲ ਸੁਸਾਇਟੀ ਦੀ ਅੱਧਾ ਏਕੜ ਜ਼ਮੀਨ ’ਤੇ ਪਿਛਲੇ ਕਈ ਸਾਲਾਂ ਤੋਂ ਖੇਤੀ ਕਰਦਾ ਆ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਦਲਿਤ ਭਾਈਚਾਰੇ ਨਾਲ ਹੀ ਸਬੰਧਤ ਇੱਕ ਪਰਿਵਾਰ ਇਸ ਜ਼ਮੀਨ ’ਤੇ ਦਾਅਵਾ ਜਤਾਉਂਦਿਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਮਸਲਾ ਕਈ ਵਾਰ ਪੁਲੀਸ ਕੋਲ ਗਿਆ ਪਰ ਮਾਮਲਾ ਹੱਲ ਨਾ ਹੋ ਸਕਿਆ ਅਤੇ ਬੀਤੇ ਕੱਲ੍ਹ ਜਬਰੀ ਕਬਜ਼ਾ ਕਰਕੇ ਝੋਨਾ ਲਗਾ ਦਿੱਤਾ ਗਿਆ।
ਅਮਰ ਸਿੰਘ ਬੀਤੇ ਕੱਲ੍ਹ ਤੋਂ ਪੁਲੀਸ ਕੋਲ ਇਨਸਾਫ ਲਈ ਬੇਨਤੀ ਰਿਹਾ ਸੀ ਪਰ ਮਾਮਲਾ ਹੱਲ ਨਾ ਹੁੰਦਾ ਵੇਖ ਅਮਰ ਸਿੰਘ ਅਤੇ ਉਸ ਦੀ ਪਤਨੀ ਮਲਕੀਤ ਕੌਰ ਪਿੰਡ ’ਚ ਬਣੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ ਤੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਛਾਲ਼ ਮਾ ਕੇ ਆਪਣੀ ਜਾਨ ਦੇ ਦੇਣਗੇ ਜਿਸ ਉਪਰੰਤ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਐਸਐਚਓ ਬਲਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਹੁੰਚੀ ਪੁਲੀਸ ਨੇ ਬਜ਼ੁਰਗ ਜੋੜੇ ਨੂੰ ਹੇਠਾਂ ਉਤਾਰਨ ਲਈ ਯਤਨ ਆਰੰਭੇ।
ਟੈਂਕੀ ’ਤੇ ਚੜ੍ਹੇ ਪਤੀ-ਪਤਨੀ ਨੇ ਕਿਹਾ ਕਿ ਉਨ੍ਹਾਂ ਪੁਲੀਸ ਪ੍ਰਸ਼ਾਸਨ ਨੂੰ ਦਰਖਾਸਤਾਂ ਦੇ ਕੇ ਕਈ ਵਾਰ ਇਨਸਾਫ ਦੀ ਮੰਗ ਕੀਤੀ ਪਰ ਕਿਸੇ ਵੀ ਅਧਿਕਾਰੀ ਨੇ ਇਨਸਾਫ ਨਹੀਂ ਦਿੱਤਾ ਜਿਸ ਤੋਂ ਦੁਖੀ ਹੋ ਕੇ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ ਉੱਪਰ ਚੜ੍ਹਨਾ ਪਿਆ ਹੈ। ਇਸ ਮੌਕੇ ਪ੍ਰਸ਼ਾਸਨ ਵੱਲੋਂ ਮੋਹਤਬਰਾਂ ਦੀ ਹਾਜ਼ਰੀ ’ਚ ਬਜ਼ੁਰਗ ਜੋੜੇ ਨੂੰ ਇਹ ਵਿਸ਼ਵਾਸ ਦਿਵਾ ਕੇ ਟੈਂਕੀ ਤੋਂ ਉਤਾਰਿਆ ਗਿਆ ਕਿ ਤੁਹਾਡੇ ਕਬਜ਼ੇ ਵਾਲੀ ਜ਼ਮੀਨ ’ਤੇ ਜਬਰੀ ਕਬਜਾ ਕਰਕੇ ਝੋਨਾ ਲਾਉਣ ਵਾਲਿਆਂ ਖਿਲਾਫ ਲਿਖਤੀ ਦਰਖਾਸਤ ਮਿਲਣ ਉਪਰੰਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਬਜ਼ੁਰਗ ਜੋੜਾ ਟੈਂਕੀ ਤੋਂ ਹੇਠਾਂ ਉੱਤਰਿਆ ਅਤੇ ਉਨ੍ਹਾਂ ਜਬਰੀ ਲਾਇਆ ਝੋਨਾ ਵਾਹ ਦਿੱਤਾ।
ਇਸ ਮਸਲੇ ਸਬੰਧੀ ਪੁਲੀਸ ਥਾਣਾ ਠੁੱਲੀਵਾਲ ਦੇ ਮੁਖੀ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਨਜ਼ੂਲ ਸੁਸਾਇਟੀ ਦੀ ਜ਼ਮੀਨ ’ਤੇ ਜਬਰੀ ਕਬਜ਼ਾ ਕਰਨ ਵਾਲੇ ਵਿਅਕਤੀ ਨੂੰ ਟਰੈਕਟਰ ਸਮੇਤ ਥਾਣੇ ਲਿਆਂਦਾ ਗਿਆ ਹੈ ਤੇ ਅਮਰ ਸਿੰਘ ਵੱਲੋਂ ਬਿਆਨ ਦਰਜ ਕਰਵਾਉਣ ਉਪਰੰਤ ਪੁਲਿਸ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।