ਪੱਤਰ ਪ੍ਰੇਰਕ
ਮਾਨਸਾ, 25 ਜੂਨ
ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਦੀ ਮਾਨਸਾ ਜ਼ਿਲ੍ਹਾ ਇਕਾਈ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਤਕਲੀਫ਼ਾਂ ਸਬੰਧੀ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਿਆਰ ਕੋਟਲੀ, ਸਕੱਤਰ ਅਮੋਲਕ ਡੇਲੂਆਣਾ, ਸੂਬਾ ਮੀਤ ਪ੍ਰਧਾਨ ਓਮ ਪ੍ਰਕਾਸ਼ ਸਰਦੂਲਗੜ੍ਹ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਅੱਜ ਭੇਜੇ ਗਏ ਮੰਗ ਪੱਤਰ ਵਿੱਚ ਸਮੂਹ ਠੇਕਾ ਅਧਾਰਿਤ, ਕੱਚੇ ਤੇ ਸੁਸਾਇਟੀਆਂ ਅਧੀਨ ਅਧਿਆਪਕਾਂ ਅਤੇ ਨਾਨ-ਟੀਚਿੰਗ ਨੂੰ ਰੈਗੂਲਰ ਕਰਵਾਉਣਾ, ਵਿਦਿਆਰਥੀਆਂ ਨੂੰ ਮਾਨਸਿਕ ਤੇ ਸਰੀਰਕ ਰੋਗੀ ਬਣਾ ਰਹੀ ਅਤੇ ਅਸਲ ਪੜ੍ਹਾਈ ਤੋਂ ਦੂਰ ਕਰ ਰਹੀ ਅਖੌਤੀ ਆਨਲਾਈਨ ਸਿੱਖਿਆ ਬੰਦ ਕਰ ਕੇ, ਸਕੂਲਾਂ ਨੂੰ ਢੁੱਕਵੇਂ ਢੰਗ ਨਾਲ ਪੜਾਅ ਵਾਰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰਨਾ ਆਦਿ ਸ਼ਾਮਿਲ ਹੈ।
ਬਠਿੰਡਾ, (ਨਿੱਜੀ ਪੱਤਰ ਪ੍ਰੇਰਕ): ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਬਠਿੰਡਾ ਇਕਾਈ ਵੱਲੋਂ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਏਡੀਸੀ ਰਾਜਵੀਰ ਸਿੰਘ ਬਰਾੜ ਨੂੰ ਦਿੱਤਾ ਗਿਆ। ਫਰੰਟ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ ਅਤੇ ਜਨਰਲ ਸਕੱਤਰ ਰਾਜੇਸ਼ ਮੋਂਗਾ ਨੇ ਮੰਗਾਂ ਬਾਰੇ ਦੱਸਿਆ ਕਿ ਸਿੱਖਿਆ ਪ੍ਰੋਵਾਈਡਰਾਂ, ਵਾਲੰਟੀਅਰਾਂ, ਕੰਪਿਊਟਰ ਅਧਿਆਪਕਾਂ ਅਤੇ ਦਫ਼ਤਰਾਂ ਵਿੱਚ ਕੰਮ ਕਰਦੇ ਨਾਨ-ਟੀਚਿੰਗ ਸਟਾਫ ਨੂੰ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ।