ਰਵਿੰਦਰ ਰਵੀ
ਬਰਨਾਲਾ, 6 ਮਈ
ਡਾਕਟਰਾਂ ਦੀ ਐਸੋਸੀਏਸ਼ਨ ਆਈਐੱਮਏ ਨੇ ਸੂਬਾ ਸਰਕਾਰ ਨੂੰ 9 ਮਈ ਤੱਕ ਆਯੂਸ਼ਮਾਨ ਸਕੀਮ ਤਹਿਤ ਕੀਤੇ ਜਾਂਦੇ ਇਲਾਜ ਦੀ ਅਦਾਇਗੀ ਨਾ ਕਰਨ ਸਬੰਧੀ ਇਲਾਜ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ। ਆਈਐੱਮਏ ਦੇ ਜ਼ਿਲ੍ਹਾ ਪ੍ਰਧਾਨ ਡਾ. ਗਗਨਦੀਪ ਸਿੰਘ ਤੱਥਗੁਰੂ ਨੇ ਕਿਹਾ ਕਿ ਸੂਬਾ ਪ੍ਰਧਾਨ ਡਾ. ਪਰਮਜੀਤ ਸਿੰਘ ਮਾਨ ਦੀ ਪ੍ਰਧਾਨਗੀ ’ਚ ਹੋਈ ਸੂਬਾ ਪੱਧਰੀ ਮੀਟਿੰਗ ’ਚ ਕੀਤੇ ਫੈਸਲੇ ਅਨੁਸਾਰ ਜੇ ਸੂਬਾ ਸਰਕਾਰ ਨੇ 9 ਮਈ ਤੱਕ ਆਯੂਸ਼ਮਾਨ ਸਕੀਮ ਤਹਿਤ ਮਰੀਜ਼ਾਂ ਦੇ ਕੀਤੇ ਜਾਦੇ ਇਲਾਜ ਦੀ ਅਦਾਇਗੀ ਨਾ ਕੀਤੀ ਤਾਂ 9 ਮਈ ਤੋਂ ਸੂਬੇ ਦੇ ਸਾਰੇ 700 ਹਸਪਤਾਲਾਂ ’ਚ ਇਸ ਇਲਾਜ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦਸੰਬਰ ਤੋਂ ਹਸਪਤਾਲਾਂ ਦੀ ਅਦਾਇਗੀ ਨਹੀਂ ਹੋ ਰਹੀ। ਜਿਸ ਕਾਰਨ ਹਸਪਤਾਲਾਂ ਦੀ ਵਿੱਤੀ ਹਾਲਤ ਮਾੜੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਯੁਸ਼ਮਾਨ ਦੇ ਸੂਚੀਬੱਧ 700 ਹਸਪਤਾਲ ਹਨ, ਉਹ ਪਿਛਲੇ 3 ਸਾਲਾਂ ਤੋਂ ਸੁਚਾਰੂ ਕੰਮ ਕਰ ਰਹੇ ਹਨ ਪਰ ਪਿਛਲੇ ਸਾਲ ਅਗਸਤ ਤੋਂ ਬਾਅਦ ਜਦੋਂ ਐਸ.ਬੀ.ਆਈ. ਜਨਰਲ ਇੰਸ਼ੋਰੈਂਸ ਸਕੀਮ ਲਈ ਬੀਮਾ ਕੰਪਨੀ ਵਜੋਂ ਸ਼ਾਮਲ ਹੋਈ ਤਾਂ ਸਭ ਕੁਝ ਗਲਤ ਹੋ ਗਿਆ। ਸਿਹਤ ਮੰਤਰੀ, ਸਿਹਤ ਸਕੱਤਰ ਤੇ ਐਸ.ਐਚ.ਏ. ਅਧਿਕਾਰੀਆਂ ਨਾਲ ਆਈਐਮਏ ਅਧਿਕਾਰੀਆਂ ਦੀਆਂ ਕਈ ਮੀਟਿੰਗਾਂ ਤੋਂ ਬਾਅਦ ਵੀ ਹਸਪਤਾਲਾਂ ਨੂੰ ਦਸੰਬਰ ਤੋਂ ਬਾਅਦ ਉਨਾਂ ਦੇ ਕਲੇਮ ਦੀ ਅਦਾਇਗੀ ਨਹੀਂ ਮਿਲੀ।
ਡਾ. ਤੱਥਗੁਰੂ ਨੇ ਕਿਹਾ ਕਿ ਹਸਪਤਾਲਾਂ ਨੂੰ ਦਵਾਈਆਂ ਤੇ ਇੰਮਪਲਾਂਟ ਸਪਲਾਈ ਕਰਨ ਵਾਲੇ ਵਪਾਰੀਆਂ ਦੇ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਹਸਪਤਾਲਾਂ ਨੂੰ ਸਾਮਾਨ ਦੇਣਾ ਬੰਦ ਕਰ ਦਿੱਤਾ ਹੈ। ਉਨਾਂ ਕਿਹਾ ਕਿ ਸਕੀਮ ਤਹਿਤ ਬਾਲ ਰੋਗ, ਕਾਰਡੀਓਲੋਜੀ, ਓਨਕੋਲੋਜੀ ਤੇ ਯੂਰੋਲੋਜੀ ਆਦਿ ਸਰਕਾਰੀ ਖੇਤਰ ਵਿੱਚ ਉਪਲਬਧ ਨਹੀਂ ਹਨ ਤੇ ਇਨ੍ਹਾਂ ਸਹੂਲਤਾਂ ਨਾਲ ਸਬੰਧਤ ਸੂਚੀਬੱਧ ਹਸਪਤਾਲ ਹਨ ਜਿਨ੍ਹਾਂ ਨੂੰ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਆਈਐੱਮਏ ਦੇ ਸੂਬਾ ਪ੍ਰਧਾਨ ਡਾ. ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੰਮ ਕਰ ਰਹੇ ਹਨ ਪਰ ਹੁਣ ਕਿਉਂਕਿ ਸਰਕਾਰ ਨੇ ਉਨ੍ਹਾਂ ਦੇ ਬਿੱਲਾਂ ਦੀ ਅਦਾਇਗੀ ਨਾ ਕਰਕੇ ਉਨ੍ਹਾਂ ਦੇ ਸਰੋਤਾਂ ਨੂੰ ਖਤਮ ਕਰ ਦਿੱਤਾ ਹੈ, ਇਸ ਲਈ ਉਨ੍ਹਾਂ ਵਲੋਂ ਆਯੁਸ਼ਮਾਨ ਸਕੀਮ ਤਹਿਤ ਆਪਣੀਆਂ ਸੇਵਾਵਾਂ ਜਾਰੀ ਰੱਖਣਾ ਅਸੰਭਵ ਕਰ ਦਿੱਤਾ ਹੈ। ਆਈ.ਐਮ.ਏ. ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਾਨੂੰ ਸਾਡੇ ਕਲੇਮ ਦੀ ਰਕਮ ਦਾ ਘੱਟੋ-ਘੱਟ 80% ਨਹੀਂ ਮਿਲ ਜਾਂਦਾ ਉਹ ਆਯੁਸ਼ਮਾਨੰਦ ਅਧੀਨ ਕੰਮ ਦੁਬਾਰਾ ਸ਼ੁਰੂ ਨਹੀਂ ਕਰਨਗੇ।