ਸ਼ੰਗਾਰਾ ਸਿੰਘ ਅਕਲੀਆ
ਜੋਗਾ, 20 ਮਈ
ਕਰੋਨਾ ਕਾਰਨ ਡੀਸੀ ਮਹਿੰਦਰ ਪਾਲ ਨੇ ਸ਼ਹਿਰ ਜੋਗਾ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰਨ ਦੇ ਨਾਲ-ਨਾਲ ਚਾਰ ਮੈਂਬਰੀ ਰੈਪਿਡ ਰਿਸਪਾਂਸ ਟੀਮ ਦਾ ਗਠਨ ਕੀਤਾ ਹੈ। ਇਸ ਟੀਮ ਦੇ ਵਿੱਚ ਨਾਇਬ ਤਹਿਸੀਲਦਾਰ ਮਾਨਸਾ ਬਲਵਿੰਦਰ ਸਿੰਘ, ਡੀ.ਐੱਸ.ਪੀ (ਐੱਸ.ਡੀ) ਮਾਨਸਾ ਗੁਰਮੀਤ ਸਿੰਘ ਬਰਾੜ, ਐੱਸ.ਐੱਮ.ਓ. ਖਿਆਲਾ ਕਲਾਂ ਡਾ. ਹਰਦੀਪ ਸ਼ਰਮਾ, ਐੱਸ.ਐੱਚ.ਓ ਥਾਣਾ ਜੋਗਾ ਅਮਰੀਕ ਸਿੰਘ ਸ਼ਾਮਲ ਹਨ। ਦੂਜੇ ਪਾਸੇ ਅੱਜ ਜਦੋਂ ਸ਼ਹਿਰ ਜੋਗਾ ਦਾ ‘ਪੰਜਾਬੀ ਟ੍ਰਿਬਿਊਨ’ ਦੀ ਟੀਮ ਵੱਲੋਂ ਦੌਰਾ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਕਰੋਨਾ ਕਾਰਨ ਹੁਣ ਤੱਕ ਜੋਗਾ ਵਾਸੀਆਂ ਕਾਮਰੇਡ ਭਜਨ ਸਿੰਘ, ਸਾਬਕਾ ਸਰਪੰਚ ਬਿੱਕਰ ਸਿੰਘ, ਦਰਸ਼ਨ ਸਿੰਘ, ਬਚਿੱਤਰ ਸਿੰਘ, ਇੰਦਰਜੀਤ ਸਿੰਘ, ਕਰਮਜੀਤ ਕੌਰ, ਗੁਰਮੀਤ ਸਿੰਘ, ਕੌਰ ਸਿੰਘ ਅਤੇ ਪ੍ਰਕਾਸ਼ੋ ਦੇਵੀ ਸਮੇਤ ਹੋਰ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਸ਼ਹਿਰ ਜੋਗਾ ਦੇ ਐਂਟਰੀ ਗੇਟਾਂ ਦੇ ਉਪਰ ਨਾਕਾਬੰਦੀ ਨਾਂ ਹੋਣ ਕਰਕੇ ਸ਼ਹਿਰ ਵਾਸੀ ਖੁੱਲ੍ਹੇ ਆਮ ਫਿਰਦੇ ਵੇਖੇ ਗਏ ਹਨ। ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ ਦਾ ਕਹਿਣਾ ਸੀ ਕਿ ਜੋਗਾ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ ਪਰ ਰੈਪਿਡ ਰਿਸਪਾਂਸ ਟੀਮ ਵੱਲੋਂ ਅੱਜ ਤੱਕ ਤਾਂ ਨਗਰ ਪੰਚਾਇਤ ਜੋਗਾ ਦੇ ਨਾਲ ਮੀਟਿੰਗ ਨਹੀਂ ਕੀਤੀ ਹੈ।
ਕਰੋਨਾ ਨਾਲ ਨਜਿੱਠਣ ਲਈ ਡੀਸੀ ਵੱਲੋਂ ਰੀਵਿਊ ਮੀਟਿੰਗ
ਬਠਿੰਡਾ (ਪੱਤਰ ਪ੍ਰੇਰਕ) : ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਕਰੋਨਾ ਨਾਲ ਨਜਿੱਠਣ ਲਈ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ। ਉਨਾਂ ਨੇ ਪਿੰਡਾਂ ਵਿੱਚ ਕਰੋਨਾ ਟੈਸਟਿੰਗ ਦੇ ਆਦੇਸ਼ ਦਿੱਤੇ। ਇਸ ਮੁਹਿੰਮ ਲਈ ਉਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ, ਨੰਬਰਦਾਰਾਂ, ਯੂਥ ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਲੈਵਲ 2 ਤੇ ਲੈਵਲ 3 ਦੀ ਸਮਰੱਥਾ ਵਾਲੇ ਬੈੱਡਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਜ਼ਿਲ੍ਹੇ ਵਿੱਚ ਬੈੱਡਾਂ ਦੀ ਕੋਈ ਸਮੱਸਿਆ ਨਹੀਂ ਹੈ ਤੇ ਸ਼ਹਿਰੀ ਖੇਤਰ ਦੇ ਨਾਲ-ਨਾਲ ਪਿੰਡਾਂ ਵਿਚ ਵੀ ਕਰੋਨਾ ਟੈਸਟਿੰਗ ਕੀਤੀ ਜਾਵੇ। ਉਨਾਂ ਅਧਿਕਾਰੀਆਂ ਨੂੰ ਇਹ ਵੀ ਖਾਸ ਹਦਾਇਤ ਕੀਤੀ ਕਿ ਪਿੰਡਾਂ ਦੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਜੇਕਰ ਉਨਾਂ ਨੂੰ ਖੰਘ, ਬੁਖਾਰ, ਜੁਕਾਮ ਆਦਿ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਆਪਣੇ ਟੈਸਟ ਕਰਵਾਉਣ।
ਪੰਚਾਇਤਾਂ ਨੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਏ
ਟੱਲੇਵਾਲ (ਪੱਤਰ ਪ੍ਰੇਰਕ): ਕਰੋਨਾ ਦੀ ਰੋਕਥਾਮ ਲਈ ਪਿੰਡ ਟੱਲੇਵਾਲ ਅਤੇ ਮੱਲੀਆਂ ਦੀਆਂ ਪੰਚਾਇਤਾਂ ਨੇ ਪਿੰਡਾਂ ਵਿੱਚ ਠੀਕਰੇ ਪਹਿਰੇ ਲਗਾ ਦਿੱਤੇ ਹਨ। ਪਿੰਡ ਮੱਲੀਆਂ ਦੇ ਸਰਪੰਚ ਜਗਦੀਪ ਸਿੰਘ ਨੇ ਦੱਸਿਆ ਕਿ ਪੱਖੋ-ਕੈਂਚੀਆਂ ਪਿੰਡ ਦੇ ਬੱਸ ਅੱਡੇ ’ਤੇ ਪੱਕਾ ਨਾਕਾ ਲਗਾ ਦਿੱਤਾ ਗਿਆ ਹੈ। ਪਿੰਡ ਟੱਲੇਵਾਲ ਦੇ ਸਰਪੰਚ ਹਰਸ਼ਰਨ ਸਿੰਘ ਧਾਲੀਵਾਲ ਅਤੇ ਕਲੱਬ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਨੂੰ ਹਰ ਪਾਸੇ ਤੋਂ ਸੀਲ ਕਰਕੇ ਨਾਕੇਬੰਦੀ ਸ਼ੁਰੂ ਕਰ ਦਿੱਤੀ ਹੈ। ਰੇਹੜੀ-ਫ਼ੜੀ ਵਾਲਿਆਂ ਦਾ ਪਿੰਡ ’ਚ ਆਉਣਾ ਬੰਦ ਕਰ ਦਿੱਤਾ ਗਿਆ ਹੈ। ਆਰਐਮਪੀ ਡਾਕਟਰ ਪਿੰਡ ਦੇ ਕਿਸੇ ਵੀ ਵਿਅਕਤੀ ਦੇ ਬੀਮਾਰ ਹੋਣ ਦੀ ਸੂਚਨਾ ਪੰਚਾਇਤ ਨੂੰ ਦੱਸਣਗੇ। ਗੁਰਦੁਆਰੇ ਦੀ ਐਂਬੂਲੈਂਸ ਪਿੰਡ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਰਹੇਗੀ।