ਜੋਗਿੰਦਰ ਸਿੰਘ ਮਾਨ
ਮਾਨਸਾ, 26 ਅਗਸਤ
ਮਾਲਵਾ ਖੇਤਰ ਵਿਚ ਮੁਰਗੀ ਪਾਲਣ ਤੋਂ ਬਾਅਦ ਹੁਣ ਪਸ਼ੂ ਪਾਲਣ ਦੇ ਕਿੱਤੇ ਤੋਂ ਕਿਸਾਨਾਂ ਦਾ ਮੋਹ ਭੰਗ ਹੋਣ ਲੱਗਿਆ ਹੈ। ਪੰਜਾਬ ਸਰਕਾਰ ਵੱਲੋਂ ਮਾਲਵਾ ਪੱਟੀ ਵਿਚਲੇ ਡੇਅਰੀ ਉਤਪਾਦਕਾਂ ਨੂੰ ਦੁੱਧ ਦਾ ਉਚਿਤ ਭਾਅ ਦੇਣ ਲਈ ਅਤੇ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰਨ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ, ਜਦੋਂ ਕਿ ਦੂਜੇ ਪਾਸੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਡੇਅਰੀ ਸਿਖਲਾਈ ਕੈਂਪ ਵਿਚ ਟਰੇਨਿੰਗ ਦੇਣ ਉਪਰ ਬੇਲੋੜਾ ਜ਼ੋਰ ਦਿੱਤਾ ਜਾ ਰਿਹਾ ਹੈ। ਦੁੱਧ ਦੀ ਪ੍ਰੋਸੈਸਿੰਗ ਲਈ ਜ਼ਰੂਰੀ ਬੁਨਿਆਦੀ ਢਾਂਚਾ ਨਹੀਂ ਹੈ ਅਤੇ ਨਾ ਹੀ ਲੋੜੀਂਦੇ ਮਿਲਕ ਚਿਲਿੰਗ ਸੈਂਟਰ ਉਪਲਬੱਧ ਹਨ, ਜਿਸ ਕਰਕੇ ਡੇਅਰੀ ਫਾਰਮਾਂ ਤੋਂ ਇਕੱਠਾ ਕੀਤਾ ਜ਼ਿਆਦਾਤਰ ਦੁੱਧ ਬੇਕਾਰ ਚਲਿਆ ਜਾਂਦਾ ਹੈ। ਸਰਕਾਰ ਵਲੋਂ ਦੁੱਧ ਤੋਂ ਤਿਆਰ ਹੋਣ ਵਾਲੀਆਂ ਵਸਤਾਂ ਦੀ ਤਿਆਰੀ ਲਈ ਵੀ ਲੋੜੀਂਦੇ ਕੇਂਦਰ ਨਹੀਂ ਖੋਲ੍ਹੇ ਗਏ, ਜਿਸ ਕਰਕੇ ਇਸ ਜਲਦੀ ਖ਼ਰਾਬ ਹੋਣ ਵਾਲੀ ਵਸਤੂ ਨੂੰ ਨਿਰਯਾਤ ਕਰਨ ਵਿਚ ਭਾਰੀ ਦਿਕੱਤਾਂ ਆ ਰਹੀਆਂ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਡੇਅਰੀ ਫਾਰਮਿੰਗ ਦਾ ਧੰਦਾ ਦਿਨ-ਬ-ਦਿਨ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ ਅਤੇ ਇਸ ਵਿਚ ਲੱਗੇ ਕਿਸਾਨ ਘਾਟਾ ਪੈਣ ਕਾਰਨ ਪਹਿਲਾਂ ਹੀ ਇਸ ਧੰਦੇ ਨੂੰ ਅਲਵਿਦਾ ਕਹਿੰਦੇ ਜਾ ਰਹੇ ਹਨ। ਦੂਜੇ ਪਾਸੇ ਡੇਅਰੀ ਨਾਲ ਜੁੜੇ ਕਿਸਾਨਾਂ ਦੀਆਂ ਉਕਤ ਮੁਸ਼ਕਲਾਂ ਹੱਲ ਕਰਨ ਲਈ ਪੰਜਾਬ ਸਰਕਾਰ ਵਲੋਂ ਕੋਈ ਠੋਸ ਪਹਿਲਕਦਮੀ ਸਾਹਮਣੇ ਨਹੀਂ ਆਈ ਅਤੇ ਸਿਰਫ਼ ਕਾਗਜ਼ੀ ਕਾਰਵਾਈਆਂ ਆਸਰੇ ਦੁੱਧ ਤੋਂ ਕਮਾਈ ਦੇ ਜੁਗਾੜ ਸਬੰਧੀ ਵਰਕਸ਼ਾਪਾਂ ਲਾਉਣ ਦੇ ਰੁਝਾਨ ਲਗਾਤਾਰ ਜਾਰੀ ਹਨ। ਪਿਛਲੇ ਇੱਕ ਦਹਾਕੇ ਤੋਂ ਡੇਅਰੀ ਦੇ ਧੰਦੇ ਵਿਚ ਲੱਗੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੁੱਧ ਦਾ ਭਾਅ ਵਧਾਇਆ ਜਾਵੇ, ਦੁੱਧ ਨੂੰ ਇਕੱਠਾ ਕਰਨ ਲਈ ਵਧੇਰੇ ਕੇਂਦਰ ਖੋਲ੍ਹੇ ਜਾਣ, ਦੁੱਧ ਸ਼ੀਤਲਕਰਨ ਕੇਂਦਰ ਖੋਲ੍ਹੇ ਜਾਣ ਅਤੇ ਦੁੱਧ ਤੋਂ ਹੋਰ ਵਸਤਾਂ ਤਿਆਰ ਕਰਕੇ ਹਵਾਈ ਰਸਤੇ ਖਾੜੀ ਦੇਸ਼ਾਂ ਨੂੰ ਨਿਰਯਾਤ ਦਾ ਪ੍ਰਬੰਧ ਕੀਤਾ ਜਾਵੇ। ਉਧਰ ਜਦੋਂ ਡੇਅਰੀ ਦੇ ਇਸ ਧੰਦੇ ਤੋਂ ਪੁਰਾਣੇ ਕਿਸਾਨ ਹੱਥ ਖੜ੍ਹੇ ਕਰਨ ਲੱਗੇ ਤਾਂ ਸਰਕਾਰ ਨੇ ਇਸ ਕਿੱਤੇ ਨੂੰ ਕਾਇਮ ਕਰਨ ਲਈ ਨਵੇਂ ਮੁੰਡਿਆਂ ਦੀ ਬਾਂਹ ਫੜ੍ਹਕੇ ਉਨ੍ਹਾਂ ਨੂੰ ਅਨੇਕਾਂ ਤਰ੍ਹਾਂ ਦੇ ਸਬਜ਼ਬਾਗ ਵਿਖਾਉਣੇ ਆਰੰਭ ਕਰ ਦਿੱਤੇ ਹਨ।
ਸਰਕਾਰੀ ਫੈਂਟ ਦਾ ਭਾਅ ਘੱਟ: ਭੈਣੀਬਾਘਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਦੁੱਧ ਦੀ ਫੈਂਟ ਦੇ ਸਰਕਾਰੀ ਰੇਟ ਘੱਟ ਹੋਣ ਕਾਰਨ ਡੇਅਰੀਆਂ ਵਿਚ ਉਨ੍ਹਾਂ ਨੂੰ ਆਪਣੇ ਦੁੱਧ ਦਾ ਮੁੱਲ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ 40 ਤੋਂ ਲੈ ਕੇ 45 ਰੁਪਏ ਤੱਕ ਇਕ ਲੀਟਰ ਦੁੱਧ ਦੀ ਕੀਮਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ, ਜਦੋਂ ਕਿ 20 ਰੁਪਏ ਲੀਟਰ ਕੰਪਨੀਆਂ ਦੀ ਪਾਣੀ ਵਾਲੀ ਬੋਤਲ ਵਿਕ ਰਹੀ ਹੈ।