ਸੀ. ਮਾਰਕੰਡਾ
ਤਪਾ ਮੰਡੀ, 30 ਅਕਤੂਬਰ
ਸਾਬਕਾ ਰਾਜ ਸਭਾ ਮੈਂਬਰ ਤੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਾਦਲਾਂ ਦੇ ਬੁਰਜ ਨੂੰ ਢਾਹੁਣ ਲਈ ਕਮਰਕੱਸੇ ਕਰ ਲਏ ਹਨ। ਢੀਂਡਸਿਆਂ ਨੇ ਤਹੱਈਆ ਕਰ ਲਿਆ ਹੈ ਕਿ ਐਂਤਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਬਾਦਲਾਂ ਦੀ ਨਹੀਂ ਪੁੱਗਣ ਦੇਣੀ। ਇਸ ਸਬੰਧੀ ਢੀਂਡਸਿਆਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਬਾਦਲ ਵਿਰੋਧੀ ਅਕਾਲੀ ਆਗੂਆਂ ਨੂੰ ਮਿਲ ਕੇ ਚੋਣ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ। ਉਹ ਮਾਲਵੇ ਦੇ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਉਨ੍ਹਾਂ ਦੇ ਘਰੀਂ ਜਾ ਕੇ ਮਿਲੇ ਅਤੇ ਬਾਦਲਾਂ ਖ਼ਿਲਾਫ਼ ਭੁਗਤਣ ਲਈ ਕਿਹਾ। ਸੁਖਦੇਵ ਸਿੰਘ ਢੀਂਡਸਾ ਸਾਬਕਾ ਮੁੱਖ ਸੰਸਦੀ ਸਕੱਤਰ ਬਲਬੀਰ ਸਿੰਘ ਘੁੰਨਸ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਹੋਈ ਮਿਲਣੀ ਦੇ ਮਾਇਨੇ ਵੀ ਕਮੇਟੀ ਚੋਣਾਂ ਦੇ ਸੰਦਰਭ ਵਿਚ ਕੱਢ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਵਾਰ ਕਮੇਟੀ ਪ੍ਰਧਾਨ ਸੁਖਬੀਰ ਬਾਦਲ ਦੇ ਲਿਫ਼ਾਫ਼ੇ ’ਚੋਂ ਨਹੀਂ ਨਿਕਲੇਗਾ। ਉਨ੍ਹਾਂ ਕਿਹਾ ਕਿ ਉਹ ਸੁਖਬੀਰ ਦੇ ਉਮੀਦਵਾਰ ਖ਼ਿਲਾਫ਼ ਚੋਣ ਲੜਨ ਵਾਲੇ ਦੀ ਹਮਾਇਤ ਕਰਨਗੇ। ਇਸੇ ਤਰ੍ਹਾਂ ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਦਲ ਤੋਂ ਬਾਗੀ ਹੋਏ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੂੰ ਮਿਲੇ ਅਤੇ ਬਾਦਲਾਂ ਖ਼ਿਲਾਫ਼ ਸਟੈਂਡ ਲੈਣ ਲਈ ਕਿਹਾ। ਸ੍ਰੀ ਚੁੰਘਾਂ ਨੇ ਪਰਮਿੰਦਰ ਢੀਂਡਸਾ ਦਾ ਭਰਵਾਂ ਸਵਾਗਤ ਕੀਤਾ। ਲੱਗਦਾ ਹੈ ਕਿ ਜਿਸ ਹੱਲੇ ਨਾਲ ਢੀਂਡਸੇ ਬਾਦਲਾਂ ਤੇ ਹਮਲਾਵਰ ਹੋਏ ਹਨ ਉਹ ਬਾਦਲਾਂ ਦੇ ਉਮੀਦਵਾਰ ਲਈ ਵੱਡੀਆਂ ਅੜਚਨਾਂ ਖੜ੍ਹੀਆਂ ਕਰ ਸਕਦੇ ਹਨ।