ਨਿਹਾਲ ਸਿੰਘ ਵਾਲਾ/ਮੋਗਾ (ਪੱਤਰ ਪ੍ਰੇਰਕ): ਸਿਵਲ ਹਸਪਤਾਲ ਮੁਲਾਜ਼ਮ (ਡੀਪੀਐਮ) ਵਿਨੇਸ਼ ਨਾਗਪਾਲ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਕੀਤਾ ਗਿਆ ਸੰਘਰਸ਼ ਦੋ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਤਾਲਮੇਲ ਕਮੇਟੀ ਦੇ ਚੇਅਰਮੈਨ ਕੁਲਬੀਰ ਸਿੰਘ ਢਿੱਲੋਂ ਅਤੇ ਐਨਐਚਐਮ ਯੂਨੀਅਨ ਮੋਗਾ ਦੇ ਪ੍ਰਧਾਨ ਡਾ. ਸਿਮਰਪਾਲ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਮਿਸ਼ਨ ਡਾਇਰੈਕਟਰ ਐਨ ਐਚ ਐਮ ਨੇ ਤੱਥਾਂ ਦੀ ਪੜਤਾਲ ਉਪਰੰਤ ਸੋਮਵਾਰ ਤੱਕ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ। ਸਿਵਲ ਸਰਜਨ ਮੋਗਾ ਨੇ ਵਿਨੇਸ਼ ਨਾਗਪਾਲ ਦੀ ਮੌਤ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਥਿਤ ਦੋਸ਼ੀ ਅਕਾਊਂਟ ਅਫ਼ਸਰ ਖਿਲਾਫ਼ ਸਖ਼ਤ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਣ, ਪਹਿਲ ਦੇ ਆਧਾਰ ਤੇ ਉਨ੍ਹਾਂ ਦਾ ਕੰਟਰੈਕਟ ਰਿਨਿਊ ਕਰਵਾਉਣ ਅਤੇ ਪਰਿਵਾਰ ਨੂੰ ਬਣਦੇ ਲਾਭ ਦਿਵਾਉਣ ਅਤੇ ਦਫ਼ਤਰ ਵਿੱਚ ਪੈਂਡਿੰਗ ਪਏ ਸਾਰੇ ਕੰਮਾਂ ਦਾ ਸੋਮਵਾਰ ਤੱਕ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਹੈ ਜਿਸ ਮਗਰੋਂ ਸੰਘਰਸ਼ ਮੁਲਤਵੀ ਕੀਤਾ ਗਿਆ ਹੈ।