ਰਵਿੰਦਰ ਰਵੀ
ਬਰਨਾਲਾ 8 ਜੂਨ
ਸ਼ਹਿਰ ਅੰਦਰ ਪਿਛਲੇ ਕਈ ਸਾਲਾਂ ਤੋਂ ਕੀੜੀ ਦੀ ਚਾਲ ਚੱਲ ਰਹੇ ਸੀਵਰੇਜ ਦੇ ਕੰਮ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਸੀਵਰੇਜ ਪਾਉਣ ਲਈ ਪੁੱਟੀਆਂ ਸੜਕਾਂ ਦੇ ਟੋਇਆਂ ਵਿੱਚ ਡਿੱਗ ਕੇ ਕਈ ਰਾਹਗੀਰ ਸੱਟਾਂ ਲਗਵਾ ਚੁੱਕੇ ਹਨ। ਬੀਤੇ ਦਿਨ ਸ਼ਹਿਰ ’ਚੋਂ ਲੰਘਦੀ ਮੋਗਾ ਬਰਨਾਲਾ ਕੌਮੀ ਸ਼ਾਹਰਾਹ ’ਤੇ ਪਾਏ ਜਾ ਰਹੇ ਸੀਵਰੇਜ ਲਈ ਪੁੱਟੀ ਸੜਕ ’ਚ ਪਏ ਟੋਏ ਕਰ ਕੇ ਇਕ ਅੰਗਹੀਣ ਵਿਅਕਤੀ ਦੀ ਲੱਤ ਦੀ ਟੁੱਟ ਗਈ। ਹਸਪਤਾਲ ’ਚ ਜ਼ੇਰੇ ਇਲਾਜ ਵੀਰ ਚੰਦ ਨੇ ਦੱਸਿਆ ਕਿ ਪਿਛਲੇ ਕਈ ਮਹੀਨੇ ਤੋਂ ਦਿੱਲੀ ਮੋਟਰ ਗੈਰਜ ਲਾਗੇ ਸੀਵਰੇਜ ਵਿਭਾਗ ਵੱਲੋਂ ਮੱਖਣ ਲਾਲ ਐਂਡ ਕੰਪਨੀ ਪਟਿਆਲਾ ਰਾਹੀਂ ਮੁੱਖ ਸੀਵਰ ਲਾਈਨ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਅੰਗਹੀਣ ਹੋਣ ਕਾਰਨ ਸਕੂਟਰੀ ’ਤੇ ਕੰਮ ਜਾ ਰਿਹਾ ਸੀ ਤਾਂ ਸੜਕ ’ਤੇ ਪਏ ਟੋਏ ’ਚ ਖੜ੍ਹੇ ਪਾਣੀ ਤੇ ਸੜਕ ’ਤੇ ਖਿੱਲਰੀ ਪਈ ਬਜ਼ਰੀ ਕਾਰਨ ਉਸ ਦੀ ਸਕੂਟਰੀ ਫਿਸਲ ਗਈ ਤੇ ਉਹ ਡਿੱਗ ਗਿਆ। ਇਸ ਦੌਰਾਨ ਉਸ ਦੀ ਖੱਬੀ ਲੱਤ ਟੁੱਟ ਗਈ। ਉਸ ਨੇ ਕਿਹਾ ਕਿ ਉਹ ਕਾਫ਼ੀ ਅਤੇ ਹੁਣ ਲੱਤ ਟੁੱਟਣ ਕਾਰਨ ਉਸ ਨੂੰ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਹੋ ਜਾਵੇਗਾ। ਇਸ ਸਬੰਧੀ ਸੀਵਰੇਜ ਪਾਉਣ ਵਾਲੀ ਮੱਖਣ ਲਾਲ ਐਂਡ ਕੰਪਨੀ ਦੇ ਠੇਕੇਦਾਰ ਮੱਖਣ ਲਾਲ ਨੇ ਕਿਹਾ ਕਿ ਸਰੁੱਖਿਆ ਸਬੰਧੀ ਲਗਾਏ ਬੋਰਡ ਚੋਰੀ ਹੋ ਜਾਂਦੇ ਹਨ। ਅੰਗਹੀਣ ਵਿਅਕਤੀ ਦੀ ਲੱਤ ਟੁੱਟਣ ਸਬੰਧੀ ਠੇਕੇਦਾਰ ਨੇ ਕੋਈ ਜਵਾਬ ਦੇਣਾ ਜਰੂਰੀ ਨਹੀਂ ਸਮਝਿਆ। ਉੱਧਰ, ਇਸ ਸਬੰਧੀ ਸੀਵਰੇਜ ਵਿਭਾਗ ਦੇ ਐੱਸਡੀਓ ਰਾਜਿੰਦਰ ਕੁਮਾਰ ਨੇ ਠੇਕੇਦਾਰ ਦਾ ਪੱਖ ਪੂਰਦਿਆਂ ਕਿਹਾ ਕਿ ਠੇਕੇਦਾਰ ਵੱਲੋਂ ਕੰਮ ਨਿਯਮਾਂ ਮੁਤਾਬਕ ਸਹੀ ਤੇ ਦਰੁਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੱਲਦੇ ਕੰਮ ਵਿੱਚ ਛੋਟੋ-ਮੋਟੇ ਹਾਦਸੇ ਤਾਂ ਹੁੰਦੇ ਰਹਿੰਦੇ ਹਨ। ਲੋਕਾਂ ਨੂੰ ਵੀ ਦੇਖ ਕੇ ਚੱਲਣਾ ਚਾਹੀਦਾ ਹੈ।
ਪੀੜਤ ਨੂੰ ਇਨਸਾਫ਼ ਦਿਵਾਇਆ ਜਾਵੇਗਾ: ਵਿਧਾਇਕ
ਇਸ ਸਬੰਧੀ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅੰਗਹੀਣ ਵਿਅਕਤੀ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ। ਵਿਭਾਗ ਦੇ ਅਧਿਕਾਰੀਆਂ ਤੇ ਠੇਕੇਦਾਰ ਦੇ ਕੰਮ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਜਾਂਚ ਦੌਰਾਨ ਕਮੀ ਪਾਏ ਜਾਣ ’ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।