ਜੋਗਿੰਦਰ ਸਿੰਘ ਮਾਨ
ਮਾਨਸਾ, 9 ਜੁਲਾਈ
ਤੱਪੜਾਂ ’ਤੇ ਰੁਲਦੇ ਵਿਦਿਆਰਥੀਆਂ ਦੇ ਹੁਣ ਭਾਗ ਖੁੱਲ੍ਹ ਗਏ ਹਨ। ਸਕੂਲ ਠੰਢੇ ਹੋਣ ਲੱਗੇ ਹਨ, ਹਕੂਮਤ ਦੀ ਠੰਢੀ ਨਜ਼ਰ ਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਦਾਨੀ ਸੱਜਣਾਂ ਦੇ ਗੱਫਿਆਂ ਨੇ ਸਰਕਾਰੀ ਸਕੂਲਾਂ ਦੇ ਭਾਗ ਜਗਾਏ ਹਨ। ਸਕੂਲਾਂ ਦੀ ਚਮਕ-ਦਮਕ ਵਾਲੀਆਂ ਬਿਲਡਿੰਗਾਂ, ਰੰਗਦਾਰ ਫਰਨੀਚਰ, ਆਧੁਨਿਕ ਪ੍ਰਾਜੈਕਟਰਾਂ ਰਾਹੀਂ ਈ-ਕੰਟੈਂਟ ਦੀ ਪੜ੍ਹਾਈ, ਖੂਬਸੂਰਤ ਪਾਰਕ, ਝੂਲੇ, ਗਿਆਨ ਵਰਧਕ ਪਾਰਕ,ਪ੍ਰਯੋਸ਼ਾਲਾਵਾਂ ਤੇ ਹੋਰ ਆਧੁਨਿਕ ਸਾਜ਼ੋ-ਸਾਮਾਨ ਨੇ ਸਰਕਾਰੀ ਸਕੂਲਾਂ ਦੀ ਤਕਦੀਰ ਬਦਲ ਦਿੱਤੀ ਹੈ। ਸੰਘਰਸ਼ੀ ਅੰਦੋਲਨਾਂ ’ਚ ਮੋਹਰੀ ਰੋਲ ਕਰਨ ਵਾਲੇ ਮਾਨਸਾ ਦੇ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਦੇ ਵੱਟ ਕੱਢ ਦਿੱਤੇ ਹਨ। ਸਾਬਤ ਕੀਤਾ ਹੈ ਕਿ ਉਹ ਸਿਰਫ ਲੜਦੇ ਨਹੀਂ, ਕੰਮ ਵੀ ਕਰਦੇ ਹਨ। ਅਨੇਕਾਂ ਸਕੂਲਾਂ ਨੇ ਵਿਲੱਖਣ ਪੈੜਾਂ ਪਾਈਆਂ ਨੇ, ਪੰਜਾਬ ਭਰ ’ਚ ਉਨ੍ਹਾਂ ਦੇ ਸਕੂਲਾਂ ਦੀ ਕਾਰਗੁਜ਼ਾਰੀ ਦੇ ਢੋਲ ਵੱਜ ਰਹੇ ਹਨ। ਪੜ੍ਹਾਈ ਕਾਰਜਾਂ ’ਚ ਮਾਨਸਾ ਮਾਨਸਾ ਹੋਈ ਪਈ ਹੈ। ਅਜਿਹਾ ਹੀ ਨਿਵੇਕਲਾ ਉਪਰਾਲਾ ਸਰਕਾਰੀ ਹਾਈ ਸਮਾਰਟ ਸਕੂਲ ਬੋੜਾਵਾਲ ਨੇ ਕੀਤਾ, ਜਿਥੇ ਹੁਣ ਵਿਦਿਆਰਥੀ ਗਰਮੀਆਂ ’ਚ ਠੰਢੀਆਂ ਹਵਾਵਾਂ ਲੈਣਗੇ। ਇਹ ਮਾਨਸਾ ਜ਼ਿਲ੍ਹੇ ਦਾ ਪਹਿਲਾ ਤੇ ਪੰਜਾਬ ਦੇ ਉਨ੍ਹਾਂ ਗਿਣਤੀ ਦੇ ਸਕੂਲਾਂ ’ਚ ਸ਼ਾਮਲ ਹੈ, ਜਿਥੇ ਏਸੀ ਫਿੱਟ ਕੀਤੇ ਗਏ। ਬੋੜਾਵਾਲ ਸਕੂਲ ਨੇ ਲੋੜੀਂਦੀ ਬਿਜਲੀ ਦੇ ਪ੍ਰਬੰਧ ਲਈ ਸੋਲਰ ਸਿਸਟਮ ਦਾ ਵੀ ਪ੍ਰਬੰਧ ਕੀਤਾ ਹੈ। ਸਕੂਲ ਦੇ ਹੈੱਡਮਾਸਟਰ ਹਰਜਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਸਕੂਲ ਲਈ ਜ਼ਰੂਰੀ ਹੁੰਦਾ ਹੈ ਉਸ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਤੇ ਪਿੰਡ ਵਾਸੀਆਂ ਦਾ ਤਾਲਮੇਲ। ਸਰਕਾਰੀ ਹਾਈ ਸਕੂਲ ਬੋੜਾਵਾਲ ਇਸ ਤਾਲਮੇਲ ਦੀ ਬਦੌਲਤ ਹੀ ਇਕ ਸਾਲ ’ਚ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਬਣ ਚੁੱਕਾ ਹੈ।
ਸਕੂਲ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਚੇਅਰਮੈਨ ਸਰੋਜਨ ਰਾਮ ਜੋ ਸਕੂਲ ਦੀ ਬਿਹਤਰੀ ਤੇ ਸਫ਼ਾਈ ’ਚ ਹਮੇਸ਼ਾ ਤੱਤਪਰ ਰਹਿੰਦੇ ਹਨ। ਸਕੂਲ ਮੁਖੀ ਹਰਜਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਸਕੂਲ ਆਉਂਦੇ ਇਕ ਦੋ ਸਾਲਾਂ ’ਚ ਪੂਰੀ ਤਰ੍ਹਾਂ ਅੰਗਰੇਜ਼ੀ ਮੀਡੀਅਮ ਹੋ ਜਾਵੇਗਾ, ਸਰਕਾਰੀ ਹਾਈ ਸਕੂਲ ਬੋਡਾਵਾਲ ’ਚ ਹਰ ਕਲਾਸ ਦਾ ਅੰਗਰੇਜ਼ੀ ਮੀਡੀਅਮ ਦਾ ਸੈਕਸ਼ਨ ਅਲੱਗ ਹੈ। ਅੱਧੇ ਵਿਦਿਆਰਥੀ ਅੰਗਰੇਜ਼ੀ ਮੀਡੀਅਮ ਸੈਕਸ਼ਨ ’ਚ ਪੜ੍ਹ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਜੂ ਗੁਪਤਾ, ਡਿਪਟੀ ਡੀਈਓ ਜਗਰੂਪ ਭਾਰਤੀ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਅਧਿਆਪਕਾਂ ਇਸ ਦੀ ਦਾਦ ਦਿੱਤੀ ਹੈ।