ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਦਸੰਬਰ
ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਪ੍ਰੀਤੀ ਸੁਖੀਜਾ ਦੀ ਅਦਾਲਤ ਨੇ ਨਗਰ ਨਿਗਮ ਕਮਿਸ਼ਨਰ ਨੂੰ ਨਿਗਮ ਲੇਖਾਕਾਰ ਤੇ ਦੋ ਹੋਰ ਕਲਰਕਾਂ ਦੀ ਕੁੱਲ ਤਨਖਾਹ ਵਿੱਚੋਂ ਤੀਜਾ ਹਿੱਸਾ ਰਿਲੀਜ਼ ਕਰਨ ਉੱਤੇ ਰੋਕ/ਅਟੈਚ ਦਾ ਹੁਕਮ ਜਾਰੀ ਕੀਤਾ ਹੈ। ਨਿਗਮ ਲੇਖਾਕਾਰ ਖ਼ਿਲਾਫ਼ ਸਥਾਨਕ ਸਹਿਕਾਰੀ ਬੈਂਕ ਵੱਲੋਂ 9.58 ਲੱਖ ਰੁਪਏ ਦੀ ਰਿਕਵਰੀ ਲਈ ਕੇਸ ਅਦਾਲਤ ਵਿੱਚ ਦਾਇਰ ਕੀਤਾ ਹੋਇਆ ਹੈ।
ਵੇਰਵਿਆਂ ਅਨੁਸਾਰ ਦਿ ਮੋਗਾ ਪ੍ਰਾਇਮਰੀ ਕੋਆਪਰੇਟਿਵ ਐਗਰੀ. ਬੈਂਕ ਵੱਲੋਂ ਪਰਮਜੀਤ ਸਿੰਘ ਵਾਸੀ ਸਿਵਲ ਲਾਈਨ ਮੋਗਾ ਜੋ ਸਥਾਨਕ ਨਗਰ ਨਿਗਮ ਵਿੱਚ ਲੇਖਾਕਾਰ ਹੈ, ਖ਼ਿਲਾਫ਼ ਕਰੀਬ 9.58 ਲੱਖ ਰੁਪਏ ਦੀ ਰਿਕਵਰੀ ਲਈ ਸਥਾਨਕ ਅਦਾਲਤ ਵਿੱਚ ਸਮੇਤ ਨਿਗਮ ਦੇ ਦੋ ਕਲਰਕਾਂ ਰਾਕੇਸ਼ ਕੁਮਾਰ ਤੇ ਵਿਪਨ ਹਾਂਡਾ ਖ਼ਿਲਾਫ਼ ਦਾਇਰ ਕੀਤਾ ਗਿਆ ਹੈ। ਦੋਵੇਂ ਕਲਰਕ ਇਸ ਕਰਜ਼ਾ ਕੇਸ ਵਿੱਚ ਗਾਰੰਟਰ ਹਨ। ਇਸ ਬਾਰੇ ਲੇਖਾਕਾਰ ਪਰਮਜੀਤ ਸਿੰਘ ਨੇ ਕਿਹਾ ਕਿ ਉਸਨੇ ਕਰੀਬ 7 ਸਾਲ ਪਹਿਲਾਂ 4 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਕਿਸੇ ਕਾਰਨ ਉਹ ਬੈਂਕ ਨੂੰ ਕਿਸ਼ਤ ਨਹੀਂ ਭਰ ਸਕਿਆ ਸੀ ਪਰ ਪਿਛਲੇ ਢਾਈ ਸਾਲਾਂ ਤੋਂ ਲਗਾਤਾਰ ਕਿਸ਼ਤਾਂ ਭਰ ਰਿਹਾ ਸੀ ਅਤੇ ਬੈਂਕ ਨੂੰ 2 ਲੱਖ ਤੋਂ ਵੱਧ ਦਾ ਭੁਗਤਾਨ ਕਰ ਚੁੱਕਾ ਸੀ। ਉਸ ਨੇ ਦੋਸ਼ ਲਾਇਆ ਕਿ ਕੁਝ ਬੈਂਕ ਅਧਿਕਾਰੀ ਕਿਸੇ ਰੰਜਿਸ਼ ਤਹਿਤ ਉਸਨੂੰ ਜ਼ਲੀਲ ਕਰ ਰਹੇ ਹਨ। ਉਸ ਨੇ ਕਿਹਾ ਕਿ ਉਹ ਸਰਕਾਰੀ ਮੁਲਾਜ਼ਮ ਹੈ ਅਤੇ ਕਰਜ਼ਾ ਕਿਸ਼ਤਾਂ ਵਾਪਸ ਕਰ ਰਿਹਾ ਹੈ ਪਰ ਉਸਦੇ ਸਾਥੀ ਕਲਰਕ ਜੋ ਜਾਮਨ ਹਨ, ਉਨ੍ਹਾਂ ਦਾ ਇਸ ਵਿੱਚ ਕੋਈ ਲੈਣਾ-ਦੇਣਾ ਨਹੀਂ ਹੈ।
ਧੋਖਾਧੜੀ ਦੇ ਦੋਸ਼ ਹੇਠ ਡਾਕਟਰ ਖ਼ਿਲਾਫ਼ ਕੇਸ ਦਰਜ
ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਦੇ ਆਸ਼ੀਰਵਾਦ ਹਸਪਤਾਲ ਦੇ ਪ੍ਰਬੰਧਕ ਡਾ. ਵਿਕਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਪੁਲੀਸ ਨੇ ਪਟਿਆਲਾ ਦੇ ਇੱਕ ਡਾਕਟਰ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਆਦਰਸ਼ ਪੋਲੀਟੈਕਨੀਕਲ ਕਾਲਜ ਅਤੇ ਪ੍ਰੀਮੀਅਰ ਪਬਲਿਕ ਸਕੂਲ, ਆਦਰਸ਼ ਕਾਲਜ ਆਫ਼ ਨਰਸਿੰਗ ਅਤੇ ਆਦਰਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਪ੍ਰਬੰਧਾਂ ਵਿੱਚ ਆਏ ਵਿਗਾੜ ਨੁੂੰ ਦੂਰ ਕਰਨ ਲਈ ਇਨ੍ਹਾਂ ਸੰਸਥਾਵਾਂ ਦੀ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ 29 ਨਵੰਬਰ 2014 ਨੂੰ ਇੱਕ ਰਜਿਸਟਰਡ ਐੱਮਓਯੂ ਤਿਆਰ ਕੀਤਾ ਸੀ। ਇਹ ਸਮਝੌਤਾ ਡਾ. ਕੇ ਕੇ ਜੌਹਰੀ ਨੂੰ ਸਮਾਣਾ ਵਿੱਚ ਦਾਇਰ ਅਦਾਲਤੀ ਕੇਸਾਂ ਅਤੇ ਹੋਰ ਮਾਮਲਿਆਂ ਲਈ ਦਿੱਤਾ ਗਿਆ ਸੀ। ਇਸ ਸਾਰੇ ਮਾਮਲੇ ਦੌਰਾਨ ਕਥਿਤ ਤੌਰ ’ਤੇ ਡਾਕਟਰ ਕੇ ਕੇ ਜੌਹਰੀ ਨੇ ਸੁਸਾਇਟੀ ਨੂੰ ਧੋਖਾ ਦੇਣ ਲਈ ਸੁਸਾਇਟੀ ਦੀਆਂ ਐੱਫਡੀਜ਼ ਅਤੇ ਹੋਰ ਕਈ ਤਰ੍ਹਾਂ ਦੀਆਂ ਰਕਮਾਂ ਖੁਰਦ-ਬੁਰਦ ਕਰ ਦਿੱਤੀਆਂ। ਇਸਦੀ ਸ਼ਿਕਾਇਤ ਡਾ. ਵਿਕਰਮਜੀਤ ਸਿੰਘ ਨੇ ਕੀਤੀ ਜਿਸਦੀ ਪੜਤਾਲ ਕਰਦਿਆਂ ਆਰਥਿਕ ਅਪਰਾਧ ਵਿਰੋਧ ਸ਼ਾਖਾ ਨੂੰ ਪਤਾ ਲੱਗਾ ਕਿ ਡਾ. ਜੌਹਰੀ ਵੱਲੋਂ ਸੁਸਾਇਟੀ ਦੀਆਂ ਵੱਖ-ਵੱਖ ਬੈਕਾਂ ’ਚ ਪਈਆਂ ਐੱਫ ਡੀ ਆਰ ਐੱਫਡੀਜ਼ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਕਰ ਕੇ ਟਰਾਂਸਫਰ ਕਰਵਾਈਆਂ ਗਈਆਂ ਹਨ, ਜੋ ਧੋਖਾਧੜੀ ਹੈ। ਇਸ ਲਈ ਡਾ. ਜੌਹਰੀ ਖਿਲਾਫ਼ ਧਾਰਾ 420, 406, 468 ਤੇ 471 ਥਾਣਾ ਸਿਟੀ ਮੁਕਤਸਰ ਵਿੱਚ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਜਿਸ ਨਾਲ ਸਹਿਮਤੀ ਪ੍ਰਗਟ ਕਰਦਿਆਂ ਥਾਣਾ ਸਿਟੀ ਵਿੱਚ ਡਾ. ਜੌਹਰੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ