ਪੱਤਰ ਪ੍ਰੇਰਕ
ਰੂੜੇਕੇ ਕਲਾਂ, 31 ਮਾਰਚ
ਪਿੰਡ ਪੱਖੋ ਕਲਾਂ ’ਚ ਪਤੀ-ਪਤਨੀ ਦੀ ਦੋ ਵੱਖ ਵੱਖ ਘਟਨਾਵਾਂ ’ਚ ਇੱਕੋ ਦਿਨ ਮੌਤ ਹੋ ਗਈ। ਪਰਮਜੀਤ ਕੌਰ ਪਤਨੀ ਸੱਤਪਾਲ ਸਿੰਘ ਵਾਸੀ ਸਮਰਾ ਪੱਤੀ ਜੋ ਕਾਫੀ ਸਮੇਂ ਤੋਂ ਕੈਂਸਰ ਨਾਲ ਪੀੜਤ ਸੀ, ਉਸ ਦੀ ਕੱਲ੍ਹ ਮੌਤ ਹੋ ਗਈ ਸੀ। ਉਸਦਾ ਸਸਕਾਰ ਕਰਕੇ ਉਸਦਾ ਪਤੀ, ਪਿੰਡ ਵਾਸੀ ਤੇ ਸਾਕ ਸਬੰਧੀ ਘਰ ਵਾਪਸ ਆ ਗਏ। ਬੀਤੀ ਸ਼ਾਮ ਜਦੋਂ ਉਸ ਮ੍ਰਿਤਕ ਔਰਤ ਦਾ ਪਤੀ ਸੱਤਪਾਲ ਸਿੰਘ ਘਰ ਲੱਗੀ ਮੋਟਰ ਚਲਾਉਣ ਲੱਗਿਆ ਤਾਂ ਉਸ ਨੂੰ ਕਰੰਟ ਲੱਗ ਗਿਆ ਜਿਸ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਮ੍ਰਿਤਕ ਪਤੀ-ਪਤਨੀ ਆਪਣੇ ਪਿੱਛੇ 15 ਸਾਲ ਦੀ ਲੜਕੀ ਛੱਡ ਗਏ ਹਨ ਜੋ ਦਸਵੀਂ ਕਲਾਸ ਦੀ ਵਿਦਿਆਰਥਣ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਹੈ ਜਿਸ ਕਰਕੇ ਲੜਕੀ ਦੇ ਪਾਲਣ-ਪੋਸ਼ਣ ਤੇ ਪੜ੍ਹਾਈ ਲਈ ਸਰਕਾਰੀ ਸਹਾਇਤਾ ਦਿੱਤੀ ਜਾਵੇ।