ਜੋਗਿੰਦਰ ਸਿੰਘ ਮਾਨ
ਮਾਨਸਾ, 26 ਜੂਨ
ਮਾਲਵਾ ਪੱਟੀ ਵਿੱਚ ਨਰਮੇ ਨੂੰ ਲਗਾਤਾਰ ਪਾਣੀ ਲਾ ਕੇ ਭਾਵੇਂ ਕਿਸਾਨਾਂ ਨੇ ਬੀਟੀ ਕਾਟਨ ਨੂੰ ਮੱਚਣੋਂ ਤਾਂ ਬਚਾਅ ਲਿਆ ਗਿਆ, ਪਰ ਉਸ ਫ਼ਸਲ ਨੂੰ ਹੁਣ ਨਦੀਨਾਂ ਨੇ ਦੱਬ ਲਿਆ ਹੈ। ਇਸ ਦੌਰਾਨ ਖੇਤੀ ਵਿਭਾਗ ਤੇ ਖੇਤੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਸੁਸਤੀਆਂ ਛੱਡ ਕੇ ਫਟਾ-ਫਟ ਨਦੀਨਾਂ ਦੇ ਖਾਤਮੇ ਲਈ ਸੱਦਾ ਦਿੱਤਾ ਹੈ ਜਦੋਂਕਿ ਦੂਜੇ ਪਾਸੇ ਝੋਨੇ ਦਾ ਸੀਜ਼ਨ ਹੋਣ ਕਾਰਨ ਹੁਣ ਕਿਸਾਨਾਂ ਨੂੰ ਨਰਮੇ ’ਚੋਂ ਨਦੀਨ ਕੱਢਣ ਵਾਸਤੇ ਮਜ਼ਦੂਰਾਂ ਦੀ ਪਈ ਘਾਟ ਨੇ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ।
ਨਰਮਾ ਪੱਟੀ ਦੇ ਕਿਸਾਨ ਇਸ ਸਮੇਂ ਦੂਹਰੀ ਮਾਰ ਦਾ ਸ਼ਿਕਾਰ ਹੋਣ ਲੱਗੇ ਹਨ। ਪਹਿਲਾਂ ਹਰ ਰੋਜ਼ ਤਪਦੇ ਮੌਸਮ ਨੇ ਹਜ਼ਾਰਾਂ ਏਕੜ ਬੀਟੀ ਨਰਮੇ ਦੀ ਫ਼ਸਲ ਨੂੰ ਉਗਰਦਿਆਂ ਹੀ ਸਾੜ ਦਿੱਤਾ ਅਤੇ ਹੁਣ ਖੇਤਾਂ ਵਿੱਚ ਲਗਾਤਾਰ ਪਾਣੀ ਲਾਉਂਦੇ ਰਹਿਣ ਕਾਰਨ ਨਰਮੇ ਦੀ ਛੋਟੀ ਫ਼ਸਲ ’ਚ ਨਦੀਨ ਪੈਣ ਲੱਗੇ ਹਨ। ਅਨੇਕਾਂ ਖੇਤਾਂ ਵਿੱਚ ਨਦੀਨ ਨੇ ਨਰਮੇ ਨੂੰ ਦੱਬ ਲਿਆ ਹੈ। ਬਹੁਤ ਸਾਰੀਆਂ ਥਾਵਾਂ ਤੋਂ ਜਾਪਦਾ ਹੈ ਕਿ ਇਹ ਨਦੀਨ ਖੇਤਾਂ ਵਿੱਚੋਂ ਨਿਕਲਣੇ ਔਖੇ ਹਨ ਅਤੇ ਇਹ ਦਿਨਾਂ ਵਿੱਚ ਹੀ ਨਰਮੇ ਦੀ ਫ਼ਸਲ ਦੇ ਸਾਹ ਸੂਤ ਕੇ ਰੱਖਣ ਦੀ ਸਮਰੱਥਾ ਰੱਖਦੇ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੋਈਆਂ ਬਾਰਿਸ਼ਾਂ ਨੇ ਵੀ ਨਰਮੇ ਵਿਚਲੇ ਨਦੀਨਾਂ ਨੂੰ ਵਧਣ-ਫੁੱਲਣ ਲਈ ਸਹਾਇਤਾ ਕੀਤੀ ਹੈ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਮਾਨਸਾ ਸਥਿਤ ਜ਼ਿਲ੍ਹਾ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਮਾਨਸਾ ਜ਼ਿਲ੍ਹੇ ਦੇ ਖੇਤਾਂ ਦਾ ਦੌਰਾ ਕਰਨ ਤੋਂ ਪਿੱਛੋਂ ਦੱਸਿਆ ਕਿ ਜੇਕਰ ਨਦੀਨਾਂ ’ਤੇ ਕਿਸਾਨਾਂ ਦਾ ਕੋਈ ਜ਼ੋਰ ਨਾ ਚੱਲਿਆ ਤਾਂ ਨਰਮੇ ਦੀ ਫ਼ਸਲ ਨੇ ਖੇਤ ਖਾਲੀ ਕਰ ਦੇਣੇ ਹਨ। ਉਨ੍ਹਾਂ ਕਿਸਾਨ ਨੂੰ ਗੋਡੀ ਕਰ ਕੇ ਅਤੇ ਜਿੱਥੇ ਗੋਡੀ ਨਹੀਂ ਹੋ ਸਕਦੀ, ਉੱਥੇ ਰਸਾਇਣਕ ਦਵਾਈਆਂ ਦੀ ਬਦੌਲਤ ਤੁਰੰਤ ਨਦੀਨਾਂ ਦਾ ਨਾਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਨਦੀਨਾਂ ਨੂੰ ਬੇਕਾਬੂ ਹੋਣ ਤੋਂ ਰੋਕਣ ਲਈ ਹਰ ਹੰਭਲਾ ਮਾਰਨ ਦੀ ਘੇਸਲ ਨਾ ਵੱਟਣ।
ਉੱਧਰ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਦਾ ਕਹਿਣਾ ਹੈ ਕਿ ਪਹਿਲਾਂ ਹਜ਼ਾਰਾਂ ਏਕੜ ਨਰਮਾ ਸੋਕੇ ਦੀ ਭੇਟ ਚੜ੍ਹ ਗਿਆ ਅਤੇ ਹੁਣ ਨਦੀਨ ਉਸ ਨੂੰ ਉੱਠਣ ਨਹੀਂ ਦੇ ਰਹੇ। ਕਿਸਾਨ ਆਗੂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇਸ ਔਖ ਦੀ ਘੜੀ ਵਿੱਚ ਕਿਸਾਨਾਂ ਨੂੰ ਸਬਸਿਡੀ ਉੱਤੇ ਨਦੀਨਨਾਸ਼ਕ ਸਪਰੇਆਂ ਉਪਲਬੱਧ ਕਰਵਾਏ ਤਾਂ ਜੋ ਔਖੇ-ਸੋਖੇ ਹੋ ਕੇ ਕਿਸਾਨ ਆਪਣੀ ਫ਼ਸਲ ਦਾ ਬਚਾਅ ਕਰ ਸਕਣ।