ਸੁੰਦਰ ਨਾਥ ਆਰੀਆ
ਅਬੋਹਰ, 28 ਮਈ
ਉਪ ਮੰਡਲ ਦੇ ਪਿੰਡ ਪੰਜਕੋਸੀ ਵਾਸੀ ਨੌਜਵਾਨ ਦੀ ਲਾਸ਼ ਭੇਤਭਰੀ ਹਾਲਤ ਵਿੱਚ ਦਰੱਖਤ ਉੱਤੇ ਲਟਕਦੀ ਮਿਲੀ। ਖੂਈਆਂ ਸਰਵਰ ਪੁਲੀਸ ਨੇ ਲਾਸ਼ ਨੂੰ ਹੇਠਾਂ ਲਾਹ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਹੱਤਿਆ ਦਾ ਦੋਸ਼ ਲਾਇਆ।
ਮ੍ਰਿਤਕ ਰਵੀ ਕੁਮਾਰ (19) ਦੇ ਪਿਤਾ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਪਿੰਡ ਵਿੱਚ ਹੀ ਇਕ ਵਿਅਕਤੀ ਦੇ ਘਰ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਸਿਲਾਈ-ਕਢਾਈ ਦਾ ਕੰਮ ਸਿੱਖਦਾ ਸੀ ਅਤੇ ਉਨ੍ਹਾਂ ਕੋਲ ਹੀ ਰਹਿੰਦਾ ਸੀ। ਕੱਲ੍ਹ ਦੇਰ ਸ਼ਾਮ ਉਹ ਆਪਣੇ ਪੁੱਤਰ ਨੂੰ ਮਿਲਣ ਗਿਆ ਤਾਂ ਉਹ ਉੱਥੇ ਨਹੀਂ ਸੀ। ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਰਵੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਅੱਜ ਦੁਪਹਿਰ ਵੇਲੇ ਉਸ ਦੀ ਲਾਸ਼ ਉਸ ਵਿਅਕਤੀ ਦੇ ਘਰ ਦੇ ਪਿੱਛਲੇ ਪਾਸੇ ਲੱਗੇ ਦਰੱਖਤ ’ਤੇ ਲਟਕਦੀ ਮਿਲੀ।
ਉਨ੍ਹਾਂ ਇਸ ਦੀ ਸੂਚਨਾ ਖੂਈਆਂ ਸਰਵਰ ਪੁਲੀਸ ਨੂੰ ਦਿੱਤੀ। ਮੌਕੇ ’ਤੇ ਪੁੱਜੇ ਏਐੱਸਆਈ ਬਲਵਿੰਦਰ ਸਿੰਘ ਨੇ ਲਾਸ਼ ਨੂੰ ਹੇਠਾਂ ਲਾਹ ਕੇ ਜਾਂਚ ਕੀਤੀ ਅਤੇ ਪੋਸਟ ਮਾਰਟਮ ਲਈ ਮੁਰਦਾ ਘਰ ਵਿੱਚ ਰਖਵਾ ਦਿੱਤਾ। ਮ੍ਰਿਤਕ ਦੇ ਸ਼ਰੀਰ ’ਤੇ ਸੱਟਾਂ ਦੇ ਨਿਸ਼ਾਨ ਹਨ। ਪਰਿਵਾਰਕ ਮੈਂਬਰਾਂ ਨੇ ਮਕਾਨ ਮਾਲਕ ’ਤੇ ਉਸ ਦੀ ਹੱਤਿਆ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।