ਮਹਿੰਦਰ ਸਿੰਘ ਰੱਤੀਆਂ
ਮੋਗਾ, 31 ਜੁਲਾਈ
ਇਸ ਵਾਰ ਕਰੋਨਾਵਾਇਰਸ ਨੇ ਤੀਆਂ ਦੇ ਤਿਉਹਾਰ ਦੇ ਚਾਅ ਖੋਹ ਲਏ ਹਨ। ਇੱਥੇ ਧਰਮਕੋਟ ਨੇੜਲੇ ਪਿੰਡ ਚੌਧਰੀ ਵਾਲਾ (ਬਹਾਦਰ ਵਾਲਾ) ਵਿੱਚ ਸਰਪੰਚ ਅਕਵਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਦੀਆਂ ਮੁਟਿਆਰਾਂ ਅਤੇ ਔਰਤਾਂ ਨੇ ਗਿੱਧਾ ਪਾਇਆ ਅਤੇ ਪੀਂਘਾਂ ਝੂਟੀਆਂ ਪਰ ਪਹਿਲਾਂ ਵਾਂਗ ਧਮਾਲ ਗਾਇਬ ਸੀ। ਇਸ ਮੌਕੇ ਡਾਕਟਰ ਰਜਨਦੀਪ, ਗੁਰਜੀਤ ਕੌਰ, ਕਮਲਜੀਤ ਕੌਰ, ਦਲਜੀਤ ਕੌਰ, ਹੈਪੀ, ਲਵਦੀਪ, ਸੁਖਮਨ, ਹਰਮੀਤ, ਪਰਮਜੀਤ ਕੌਰ ਰੌਬਿਨ, ਰਮਨ, ਬਲਜਿੰਦਰ ਕੌਰ, ਬਲਵੀਰ ਕੌਰ ਤੋਂ ਇਲਾਵਾ ਪਿੰਡ ਦੀਆਂ ਹੋਰ ਮੁਟਿਆਰਾਂ ਅਤੇ ਔਰਤਾਂ ਹਾਜ਼ਰ ਸਨ।
ਸਰਪੰਚ ਅਕਵਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ ਪਰ ਮੌਨਸੂਨ ਰੁੱਤ ਨਾਲ ਜੁੜਿਆ ਪੰਜਾਬ ਦਾ ਇਹ ਮਾਣਮੱਤਾ ਤਿਉਹਾਰ ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ ’ਚ ਲੋਪ ਹੋ ਰਿਹਾ ਹੈ। ਕਰੀਬ 4 ਦਹਾਕੇ ਪਹਿਲਾਂ ਜਦੋਂ ਪੰਜਾਬ ਅਤਿਵਾਦ ਦੀ ਭੱਠੀ ਵਿੱਚ ਝੁਲਸ ਰਿਹਾ ਸੀ, ਉਸ ਸਮੇਂ ਵੀ ਤੀਆਂ ਦੀ ਧਮਾਲ ਪੈਂਦੀ ਸੀ। ਇਸ ਵਾਰ ਤਾਂ ਇਸ ਤਿਉਹਾਰ ਦੇ ਚਾਅ ਕਰੋਨਾ ਨੇ ਖੋਹ ਲਏ ਹਨ। ਬਜ਼ੁਰਗ ਔਰਤਾਂ ਦੱਸਦੀਆਂ ਹਨ ਕਿ ਪਹਿਲੇ ਸਮੇਂ ਵਿੱਚ ਔਰਤਾਂ ਨੂੰ ਸਾਉਣ ਮਹੀਨੇ ਦੀ ਉਡੀਕ ਰਹਿੰਦੀ ਸੀ ਪਰ ਹੁਣ ਲੋਕਾਂ ਵਿੱਚੋਂ ਪਿਆਰ ਦੀ ਖਿੱਚ ਘਟਣ ਕਰ ਕੇ ਤੀਆਂ ਦਾ ਰੰਗ ਫਿੱਕਾ ਪੈ ਗਿਆ। ਮੌਜੂਦਾ ਸਮੇਂ ਇਹ ਤੀਆਂ ਨਿੱਜੀ ਸਮਾਜ ਸੇਵੀ ਸੰਸਥਾਵਾਂ ਜਾਂ ਸਕੂਲਾਂ-ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਲਗਾਈਆਂ ਜਾਂਦੀਆਂ ਹਨ ਪਰ ਇਨ੍ਹਾਂ ਤੀਆਂ ਦੀਆਂ ਸਟੇਜਾਂ ’ਤੇ ਮੁਟਿਆਰਾਂ ਬਿਊਟੀ ਪਾਰਲਰਾਂ ਤੋਂ ਤਿਆਰ ਹੋ ਕੇ ਬਨਾਉਟੀ ਗਹਿਣੇ ਪਾ ਕੇ ਗਿੱਧਾ ਪਾਉਂਦੀਆਂ ਹਨ, ਜਿਸ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਨਹੀਂ ਪੈਂਦੀ। ਇਸ ਵਾਰ ਕਰੋਨਾ ਮਹਾਮਾਰੀ ਕਾਰਨ ਸਜ-ਵਿਆਹੀਆਂ ਦੀ ਸਹੇਲੀਆਂ ਨੂੰ ਮਿਲਣ ਦੀ ਤਾਂਘ ਮਨ ਅੰਦਰ ਰਹਿ ਗਈ।