ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 12 ਜੂਨ
ਟਿੱਬੀ ਸਾਹਿਬ ਰੋਡ ਸਥਿਤ ਇਕ ਮਕਾਨ ਮਾਲਕ ਦੇ ਘਰ ਕਰੀਬ ਤਿੰਨ ਦਹਾਕਿਆਂ ਤੋਂ ਘਰੇਲੂ ਨੌਕਰ ਵਜੋਂ ਰਹਿ ਰਹੇ ਇਕ ਗਰੀਬ ਪਰਿਵਾਰ ਨੂੰ ਹੁਣ ਮਾਲਕਾਂ ਵੱਲੋਂ ਕਰੋਨਾ ਮਹਾਂਮਾਰੀ ਦੇ ਗੰਭੀਰ ਦੌਰ ਵਿੱਚ ਘਰੋਂ ਬੇਘਰ ਕੀਤਾ ਜਾ ਰਿਹਾ ਹੈ। ਗਰੀਬ ਪਰਿਵਾਰ ਦਾ ਬਜ਼ੁਰਗ ਬਿਮਾਰ ਹੈ। ਔਰਤਾਂ ਤੇ ਬੱਚਿਆਂ ਕੋਲ ਕੋਈ ਟਿਕਾਣਾ ਨਹੀਂ। ਪੀੜਤ ਪਰਿਵਾਰ ਦੀ ਦਾਸਤਾਂ ਬਿਆਨਦਿਆਂ ‘ਦਲਿਤ ਦਾਸਤਾਂ ਵਿਰੋਧੀ ਅੰਦੋਲਨ ਫਿਲੌਰ’ ਦੀ ਸੂਬਾ ਪ੍ਰਧਾਨ ਪਰਮਜੀਤ ਕੌਰ ਨੇ ਦੱਸਿਆ ਕਿ ਪੀੜਤ ਔਰਤ ਜਸਵਿੰਦਰ ਕੌਰ ਦਾ ਪਰਿਵਾਰ 35 ਸਾਲਾਂ ਤੋਂ ਇਸ ਜ਼ਿੰਮੀਦਾਰ ਪਰਿਵਾਰ ਦੇ ਬਜ਼ੁਰਗਾਂ ਦੀ ਸੇਵਾ ਕਰਦਾ ਰਿਹਾ ਹੈ। ਮਾਲਕ ਚੰਡੀਗੜ੍ਹ ਰਹਿੰਦੇ ਹੋਣ ਕਰਕੇ ਘਰ ਦੀ ਸਾਂਭ-ਸੰਭਾਲ ਦਾ ਜ਼ਿੰਮਾ ਇਨ੍ਹਾਂ ਕੋਲ ਹੈ। ਮਾਲਕਾਂ ਨੇ ਭਰੋਸਾ ਦਿੱਤਾ ਸੀ ਕਿ ਸੇਵਾ ਬਦਲੇ ਤਨਖਾਹ, ਘਰੇਲੂ ਖਰਚਾ ਅਤੇ ਰਿਹਾਇਸ਼ ਵਾਸਤੇ ਜਗ੍ਹਾ ਦਿਆਂਗੇ ਪਰ ਬਾਅਦ ਵਿੱਚ ਪੀੜਤ ਔਰਤਾਂ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਰਹੀਆਂ। ਹੁਣ ਇਸ ਮਕਾਨ ਦੇ ਦੋ ਮਾਲਕਾਂ ਵਿੱਚੋਂ ਇਕ ਮਾਲਕ ਨੇ ਕਥਿਤ ਤੌਰ ’ਤੇ ਜਸਵਿੰਦਰ ਕੌਰ ਦੀ ਗੈਰ ਹਾਜ਼ਰੀ ਵਿੱਚ ਉਸ ਦੇ ਬਿਰਧ ਸਹੁਰੇ ਤੇ ਦੋ ਮਾਸੂਮ ਬੱਚਿਆਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਅਤੇ ਬਿਜਲੀ ਮੀਟਰ ਸਾੜ ਦਿੱਤਾ। ਪੀੜਤ ਪਰਿਵਾਰ ਨੇ ਜ਼ਿਲ੍ਹਾ ਪੁਲੀਸ ਮੁਖੀ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਕਰੋਨਾ ਸੰਕਟ ਵਿੱਚ ਘਰੋਂ ਬੇਘਰ ਹੋਣ ਦੇ ਡਰ ਦੀ ਦੁਹਾਈ ਦਿੱਤੀ ਹੈ।
ਇਸ ਦੌਰਾਨ ਘਰ ਦੇ ਮਾਲਕਾਂ ਵਿਚੋਂ ਇਕ ਸ਼ਮਿੰਦਰ ਸਿੰਘ ਨੇ ਕਿਹਾ ਕਿ ਦੂਸਰੇ ਹਿੱਸੇਦਾਰ ਵੱਲੋਂ ਇਸ ਪੀੜਤ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਦੋਂ ਕਿ ਦੂਜੇ ਹਿੱਸੇਦਾਰ ਨੇ ਕਿਸੇ ਅਜਿਹੀ ਕਾਰਵਾਈ ਤੋਂ ਇਨਕਾਰ ਕੀਤਾ।