ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 26 ਅਗਸਤ
ਨਿਹਾਲ ਸਿੰਘ ਵਾਲਾ ਹਲਕੇ ਦੇ ਪਿੰਡਾਂ ਵਿੱਚੋਂ ਦੀ ਲੰਘਣ ਵਾਲੇ ਕੌਮੀ ਮਾਰਗ 754 ਅੰਮ੍ਰਿਤਸਰ ਤੋਂ ਜਾਮ ਨਗਰ ਤੱਕ ਐਕਸਪ੍ਰੈੱਸਵੇਅ ਦੇ ਠੇਕੇਦਾਰਾਂ ਵੱਲੋਂ ਸੜਕ ਲਈ ਅਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਝੋਨਾ ਵਾਹੁਣ ਖ਼ਿਲਾਫ਼ ਰੋਸ ਵਿੱਚ ਆਏ ਨੇੜਲੇ ਪਿੰਡਾਂ ਦੇ ਕਿਸਾਨਾਂ ਤੇ ਹਮਦਰਦਾਂ ਵੱਲੋਂ ਪਖ਼ਰਵੱਡ ਦੇ ਡਰੇਨ ਦੇ ਪੁਲ ’ਤੇ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗਾਂ ਦੀ ਪੂਰਤੀ ਕਰਨ ਦੀ ਮੰਗ ਵੀ ਕੀਤੀ। ਅੰਮ੍ਰਿਤਸਰ ਤੋਂ ਜਾਮ ਨਗਰ ਤੱਕ ਬਣਨ ਵਾਲੀ ਐਕਸਪ੍ਰੈਸਵੇਅ ਲਈ ਠੇਕੇਦਾਰਾਂ ਵੱਲੋਂ ਦੀਨਾ ਸਾਹਿਬ ਕੋਲ ਮੋਗਾ ਜ਼ਿਲ੍ਹੇ ਦੀ ਹੱਦ ਤੋਂ ਅਕਵਾਇਰ ਕੀਤੀ ਜਗ੍ਹਾ ’ਤੇ ਖੜ੍ਹਾ ਝੋਨਾ ਤੇ ਹੋਰ ਫ਼ਸਲਾਂ ਨੂੰ ਵਾਹੁਣਾ ਸ਼ੁਰੂ ਕੀਤਾ ਸੀ। ਪਤਾ ਲੱਗਦਿਆਂ ਹੀ ਨੇੜਲੇ ਪਿੰਡ ਖਾਈ, ਦੀਨਾ, ਪੱਖਰਵੱਡ, ਰੌਂਤਾ ਆਦਿ ਦੇ ਕਿਸਾਨਾਂ ਨੇ ਠੇਕੇਦਾਰਾਂ ਦਾ ਘਿਰਾਓ ਕਰ ਲਿਆ ਅਤੇ ਪੱਖਰਵੱਡ ਦੀ ਡਰੇਨ ਦੇ ਪੁਲ ’ਤੇ ਧਰਨਾ ਲਗਾ ਦਿੱਤਾ। ਜਾਣਕਾਰੀ ਮਿਲਣ ’ਤੇ ਡੀਐੱਸਪੀ ਮਨਜੀਤ ਸਿੰਘ ਢੇਸੀ ਦੀ ਅਗਵਾਈ ਹੇਠ ਥਾਣਾ ਮੁਖੀ ਮੁਖਤਿਆਰ ਸਿੰਘ,ਚੌਕੀ ਇੰਚਾਰਜ ਸੁਰਜੀਤ ਸਿੰਘ ਪੁਲੀਸ ਫੋਰਸ ਨਾਲ ਪੁੱਜ ਗਏ। ਧਰਨੇ ਨੂੰ ਸੰਬੋਧਨ ਕਰਦਿਆਂ ਲਵਪ੍ਰੀਤ ਬਰਾੜ ਜ਼ਿਲ੍ਹਾ ਯੂਥ ਪ੍ਰਧਾਨ ਸੰਘਰਸ਼ ਕਮੇਟੀ, ਦਰਸ਼ਨ ਸਿੰਘ ਬਾਰੇਵਾਲਾ ਬਲਾਕ ਪ੍ਰਧਾਨ ਨੇ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਸਾਰੇ ਕਿਸਾਨਾਂ ਨੂੰ ਸੜਕ ਵਿੱਚ ਆਈਆਂ ਜ਼ਮੀਨਾਂ ਦੇ ਪੈਸੇ ਨਹੀਂ ਮਿਲੇ, ਤਕਸੀਮਾਂ ਲਈ ਵੀ ਕੇਸ ਚੱਲਦੇ ਹਨ, ਉਨ੍ਹਾਂ ਮੋਟਰਾਂ, ਕਮਰਿਆਂ ਦਾ ਮੁਆਵਜ਼ਾ ਦੇਣ, ਜ਼ਮੀਨਾਂ ਦੇ ਰੇਟ (ਐਵਾਰਡ) ਕਰਨ ਤੇ ਝੋਨੇ ਦੀ ਕਟਾਈ ਤੱਕ ਦਾ ਸਮਾਂ ਦੇਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਨਵੀਂ ਬਣਨ ਵਾਲੀ ਇਸ ਸੜਕ ਨਾਲ ਜ਼ਮੀਨ ਦੋ ਪਾਸੇ ਵੰਡੀ ਜਾਵੇਗੀ, ਇਸ ਲਈ ਆਉਣ ਜਾਣ ਲਈ ਰਸਤਾ, ਪਾਣੀ ਦਾ ਹੱਲ ਕੀਤਾ ਜਾਵੇ। ਪੀੜਤ ਕਿਸਾਨਾਂ ਨਾਲ ਡੀਐੱਸਪੀ ਮਨਜੀਤ ਸਿੰਘ ਢੇਸੀ ਤਹਿਸੀਲਦਾਰ ਗੁਰਮੁੱਖ ਸਿੰਘ, ਕਾਨੂੰਗੋ ਜਸਪਾਲ ਸਿੰਘ ਬਰਾੜ ਆਦਿ ਨੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਸੁਣਿਆ ਅਤੇ ਜ਼ਿਲ੍ਹੇ ਦੇ ਡੀਆਰਓ ਨਾਲ ਮੁਲਾਕਾਤ ਤਹਿ ਹੋਣ ਪਿੱਛੋਂ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ।
ਟੌਲ ਪਲਾਜ਼ਾ ’ਤੇ ਧਰਨਾ, ਕਈ ਘੰਟੇ ਰੱਖਿਆ ਪਰਚੀ ਫਰੀ
ਟੱਲੇਵਾਲ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਅੱਜ ਪਿੰਡ ਨੇੜੇ ਟੌਲ ਪਲਾਜ਼ਾ ਉਪਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਬਾਜਾਖਾਨਾ ਰੋਡ ਦੇ ਲੋਕਾਂ ਨੂੰ ਟੌਲ ਪਰਚੀ ਫਰੀ ਕਰਨੀ ਮੰਗ ਨੂੰ ਲੈ ਕੇ ਲਗਾਇਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਦਰਸ਼ਨ ਸਿੰਘ ਉਗੋਕੇ, ਕੁਲਵੰਤ ਸਿੰਘ ਤੇ ਬਲਵੰਤ ਸਿੰਘ ਨੇ ਦੱਸਿਆ ਕਿ ਚੀਮਾ ਨੇੜੇ ਲੱਗਿਆ ਇਹ ਟੌਲ ਪਲਾਜ਼ਾ ਇਕੱਲੇ ਬਰਨਾਲਾ-ਮੋਗਾ ਕੌਮੀ ਮਾਰਗ ’ਤੇ ਲਗਾਇਆ ਜਾਣਾ ਚਾਹੀਦਾ ਸੀ, ਪਰ ਬਰਨਾਲਾ ਤੋਂ ਮੋਗਾ ਤੇ ਬਾਜਾਖਾਨਾ ਨੂੰ ਜਾਂਦੀ ਸਾਂਝੀ ਸੜਕ ‘ਤੇ ਲਗਾਏ ਜਾਣ ਕਾਰਨ ਇਸ ਮਾਰਗ ਦੇ ਲੋਕਾਂ ਨੂੰ ਟੌਲ ਪਰਚੀ ਦੇਣੀ ਪੈ ਰਹੀ ਹੈ।