ਉਸਾਰੀ ਕਾਰਜ ਲਗਪਗ ਮੁਕੰਮਲ ਹੋਇਆ: ਈਓ
ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 22 ਅਕਤੂਬਰ
ਨਗਰ ਪੰਚਾਇਤ ਦੇ ਠੇਕੇਦਾਰ ਵੱਲੋਂ ਇੱਥੇ ਤਿਆਰ ਕੀਤੇ ਜਾ ਰਹੇ ਜਨਤਕ ਪਖਾਨੇ ਅਧੂਰੇ ਪਏ ਹਨ। ਜਾਣਕਾਰੀ ਅਨੁਸਾਰ ਲੰਘੇ ਵਰ੍ਹੇ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਇੱਥੇ ਧਰਮਕੋਟ ਚੌਕ ਨਜ਼ਦੀਕ ਨਗਰ ਪੰਚਾਇਤ ਵੱਲੋਂ ਦੁਕਾਨਾਂ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ। ਇਸ ਦੇ ਨਾਲ ਹੀ ਵਿਚਲੇ ਹਿੱਸੇ ਵਿਚ ਲੋਕਾਂ ਦੀ ਮੰਗ ’ਤੇ ਜਨਤਕ ਪਖਾਨੇ ਤੇ ਪਿਸ਼ਾਬ ਘਰ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਸੀ, ਜਿਸ ਲਈ ਬਠਿੰਡਾ ਦੀ ਇਕ ਫਰਮ ਨੂੰ ਠੇਕਾ ਦਿੱਤਾ ਗਿਆ ਸੀ। ਠੇਕੇਦਾਰ ਵਲੋਂ ਉਕਤ ਨਿਰਮਾਣ ਕਾਰਜ ਕਈ ਮਹੀਨਿਆਂ ਤੋਂ ਅਧੂਰੇ ਛੱਡੇ ਹੋਏ ਹਨ। ਨਗਰ ਪੰਚਾਇਤ ਪ੍ਰਸ਼ਾਸਨ ਵੱਲੋਂ ਉਕਤ ਠੇਕੇਦਾਰ ਨੂੰ ਇਸ ਸਬੰਧੀ ਕਈ ਵਾਰ ਨੋਟਿਸ ਵੀ ਭੇਜੇ ਜਾ ਚੁੱਕੇ ਹਨ ਪਰ ਉਕਤ ਠੇਕੇਦਾਰ ਵੱਲੋਂ ਅਧੂਰੇ ਇਨ੍ਹਾਂ ਕਾਰਜਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਦਵਿੰਦਰ ਸਿੰਘ ਤੂਰ ਨੇ ਕਿਹਾ ਕਿ ਸਰਕਾਰੀ ਪਖ਼ਾਨਿਆਂ ਅਤੇ ਪਿਸ਼ਾਬ ਘਰਾਂ ਦਾ ਨਿਰਮਾਣ ਕਾਰਜ ਲਗਪਗ ਮੁਕੰਮਲ ਹੋ ਚੁੱਕਾ ਹੈ ਥੋੜ੍ਹਾ ਬਹੁਤ ਜੋ ਪਾਣੀ ਆਦਿ ਦਾ ਕੰਮ ਰਹਿੰਦਾ ਹੈ ਉਹ ਆਉਂਦੇ ਦਿਨਾਂ ਵਿਚ ਕਰਵਾ ਦਿੱਤਾ ਜਾਵੇਗਾ।
ਫੋਟੋ ਕੈਪਸ਼ਨ— ਨਗਰ ਪੰਚਾਇਤ ਦੇ ਅਧੂਰੇ ਪਖਾਨਿਆਂ ਦੀ ਮੂੰਹ ਬੋਲਦੀ ਤਸਵੀਰ। -ਫੋਟੋ: ਹਰਦੀਪ ਸਿੰਘ