ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 19 ਜੁਲਾਈ
ਸਥਾਨਕ ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ਸਦਕਾ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖ਼ਸਤਾ ਹੋ ਗਈ ਹੈ। ਇਹ ਥਾਂ ਥਾਂ ਤੋਂ ਟੁੱਟੀਆਂ ਹੋਣ ਕਾਰਨ ਮੀਂਹ ਪੈਣ ’ਤੇ ਸੀਵਰੇਜ ਦਾ ਪਾਣੀ ਭਰ ਜਾਂਦਾ ਹੈ। ਅਕਾਲੀ ਦਲ-ਭਾਜਪਾ ਸਰਕਾਰ ਸਮੇਂ ਤਤਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸ਼ਹਿਰ ਰਾਮਪੁਰਾ ਫੂਲ ਸਣੇ ਬਾਕੀ ਪਿੰਡਾਂ ਅਤੇ ਕਸਬਿਆਂ ਵਿੱਚ ਕਰੋੜਾਂ ਰੁਪਏ ਖ਼ਰਚ ਕਰ ਕੇ ਵਿਕਾਸ ਕਰਵਾਇਆ ਸੀ, ਪਰ ਕਾਂਗਰਸੀ ਆਗੂ ਇਸ ਦੀ ਦਿੱਖ ਸੰਵਾਰਨ ਦੀ ਥਾਂ ਆਪਸੀ ਕਾਟੋ ਕਲੇਸ਼ ’ਚ ਉਲਝੇ ਹੋਏ ਹਨ।
ਫੂਲ ਰੋਡ ’ਤੇ ਸੀਵਰੇਜ ਦਾ ਪਾਣੀ ਫੈਲਿਆ ਹੋਇਆ ਹੈ। ਟਰੱਕ ਯੂਨੀਅਨ ਦੀ ਗਲੀ ਅੱਗੇ ਵੀ ਇਹੋ ਹਾਲਤ ਹੈ। ਕਚਹਿਰੀ ਕੰਪਲੈਕਸ ਤੋਂ ਐੱਸਡੀਐੱਮ ਦਫ਼ਤਰ ਜਾਂਦਾ ਮੁੱਖ ਰਸਤਾ ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਛੱਪੜ ਦਾ ਰੂਪ ਧਾਰ ਲੈਂਦਾ ਹੈ। ਫੈਕਟਰੀ ਰੋਡ ਥਾਂ-ਥਾਂ ਤੋਂ ਟੁੱਟ ਚੁੱਕੀ ਹੈ ਤੇ ਰਹਿੰਦੀ ਕਸਰ ਕੁੱਝ ਦੁਕਾਨਦਾਰਾਂ ਨੇ ਫੁੱਟਪਾਥਾਂ ’ਤੇ ਕਬਜ਼ੇ ਕਰ ਕੇ ਕੱਢ ਦਿੱਤੀ। ਨਗਰ ਕੌਂਸਲ ਫੁੱਟ ਦਾ ਸ਼ਿਕਾਰ ਹੋਣ ਕਾਰਨ ਭੰਗ ਹੋ ਗਈ ਹੈ। ਸ਼ਹਿਰ ਵਾਸੀ ਆਪਣੀਆਂ ਸਮੱਸਿਆਵਾਂ ਕਈ ਵਾਰ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਇਸ ਸਬੰਧੀ ਕਾਰਜਸਾਧਕ ਅਫ਼ਸਰ ਸੁਰਿੰਦਰ ਗਰਗ ਨੇ ਦੱਸਿਆ ਕਿ ਮੇਨ ਹੌਲ ਦੇ ਢੱਕਣਾਂ ਦੀ ਸਮੱਸਿਆ ਨੂੰ ਜਲਦੀ ਠੀਕ ਕਰਵਾ ਦਿੱਤਾ ਜਾਵੇਗਾ। ਟੀ-ਪੁਆਇੰਟ ਤੋਂ ਸੂਏ ਦੇ ਪੁਲ ਤੱਕ ਸੜਕ ਪੀਡਬਲਯੂਡੀ ਦੇ ਅਧੀਨ ਆਉਂਦੀ ਹੈ, ਜਿਸ ਦਾ ਕੰਮ ਇਸ ਹਫ਼ਤੇ ਸ਼ੁਰੂ ਕਰ ਦਿੱਤਾ ਜਾਵੇਗਾ।