ਰੋਹਿਤ ਗੋਇਲ
ਪੱਖੋਂ ਕੈਂਚੀਆਂ, 15 ਮਾਰਚ
ਪਿਛਲੇ ਕਈ ਸਾਲਾਂ ਤੋਂ ਪੱਖੋ ਕੈਂਚੀਆਂ ਤੋਂ ਸ਼ਹਿਣਾ ਬਰਾਸਤਾ ਭਦੌੜ ਰੋਡ ਦੀ ਹਾਲਤ ਖ਼ਸਤਾ ਬਣੀ ਹੋਈ ਹੈ। ਇਸ ਸੜਕ ’ਤੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ, ਰਾਹਗੀਰਾਂ ਨੂੰ ਲੰਘਣਾ ਮੋਹਾਲ ਹੋਇਆ ਪਿਆ ਹੈ। ਰਾਹਗੀਰ ਬੱਗਾ ਸਿੰਘ, ਕੁਲਵੀਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਪੱਖੋ ਕੈਂਚੀਆਂ ਤੋਂ ਸ਼ਹਿਣਾ ਭਦੌੜ ਰੋਡ ਨੂੰ ਟੌਲ ਪਲਾਜ਼ਾ ਕੰਪਨੀ ਨੇ ਬਣਾਉਣ ਦਾ ਵਾਅਦਾ ਕਰ ਕੇ ਟੌਲ ਪਲਾਜ਼ਾ ਚਾਲੂ ਕੀਤਾ ਸੀ ਪਰ ਅਜੇ ਤੱਕ ਆਪਣੇ ਕੀਤੇ ਵਾਅਦੇ ਅਨੁਸਾਰ ਇਸ ਸੜਕ ਦਾ ਨਿਰਮਾਣ ਨਹੀਂ ਕੀਤਾ ਗਿਆ। ਸੜਕ ਨਿਰਮਾਣ ਕਰਨ ਲਈ ਦੋਵੇਂ ਪਾਸੇ ਤੋਂ ਪੁੱਟੀ ਪਈ ਹੈ, ਜਿਸ ਕਾਰਨ ਇੱਥੋਂ ਰਾਤ ਸਮੇਂ ਲੰਘਦੇ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਇਹ ਰੋਡ ਅੱਗੇ ਭਗਤਾ ਭਾਈਕਾ, ਬਾਜਾਖ਼ਾਨਾ ਫਰੀਦਕੋਟ ਰੋਡ ਨਾਲ ਜੁੜਦਾ ਹੈ, ਇਸ ਕਾਰਨ ਚੰਡੀਗੜ੍ਹ, ਬਰਨਾਲਾ, ਸੰਗਰੂਰ ਆਦਿ ਵੱਡੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਵਾਹਨ ਲੰਘਦੇ ਹਨ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਸੜਕ ਦੇ ਅਧੂਰੇ ਪਏ ਨਿਰਮਾਣ ਸਬੰਧੀ ਠੇਕੇਦਾਰ ਵੱਲੋਂ ਰਾਹਗੀਰਾਂ ਨੂੰ ਸੂਚਿਤ ਕਰਨ ਲਈ ਕੋਈ ਸੂਚਨਾ ਸਾਈਨ ਬੋਰਡ ਵੀ ਨਹੀਂ ਲਗਾਏ ਗਏ, ਜਿਸ ਕਰਕੇ ਰਾਹਗੀਰ ਲੱਗਦੇ ਜਾਮ ਵਿਚ ਫ਼ਸ ਜਾਂਦੇ ਹਨ। ਪੀੜਤ ਇਲਾਕਾ ਵਾਸੀਆਂ ਨੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਪੱਖੋ ਕੈਂਚੀਆਂ ਤੋਂ ਸ਼ਹਿਣਾ ਭਦੌੜ ਰੋਡ ਦਾ ਕੰਮ ਜਲਦੀ ਮੁਕੰਮਲ ਕਰਵਾਇਆ ਜਾਵੇ ਤਾਂ ਕਿ ਇਲਾਕਾ ਨਿਵਾਸੀਆਂ ਦੇ ਵਹੀਕਲਾਂ ਦੇ ਹੋਰ ਰਾਹੇ ਨੁਕਸਾਨ ਅਤੇ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਗੀਰਾਂ ਨੂੰ ਰਾਹਤ ਮਿਲ ਸਕੇ।