ਜੋਗਿੰਦਰ ਸਿੰਘ ਮਾਨ
ਮਾਨਸਾ, 8 ਅਕਤੂਬਰ
ਸਦੀ ਪੁਰਾਣੇ ਮਾਨਸਾ ਦੇ ਗੰਦੇ ਹੋ ਚੁੱਕੇ ਟੋਭੇ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਜਦੋਂ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਅੱਖਾਂ ਮੀਚ ਲਈਆਂ ਤਾਂ ਹੁਣ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਲੋਕਾਂ ਦੀ ਸਾਰ ਲਈ ਹੈ। ਮਾਨਸਾ ਦੇ ਡੇਰਾ ਬਾਬਾ ਭਾਈ ਗੁਰਦਾਸ ਦੇ ਬਾਬਾ ਅੰਮ੍ਰਿਤ ਮੁਨੀ ਦੇ ਉਪਰਾਲੇ ਨਾਲ ਸੰਤ ਸੀਚੇਵਾਲ ਨੇ ਕੂੜੇ ਕਰਕਟ ਨਾਲ ਭਰੇ ਇਸ ਟੋਭੇ ਦੀ ਹਾਲਤ ਸੁਧਾਰਨ ਲਈ ਉਪਰਾਲੇ ਆਰੰਭੇ ਹਨ। ਉਨ੍ਹਾਂ ਨੇ ਇੱਥੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਟੀਮ ਬੁਲਾਕੇ ਸ਼ਹਿਰ ਦੇ ਵਿਚਕਾਰ ਗੰਦੇ ਟੋਭੇ ਦੀ ਹਾਲਤ ਵਿਖਾ ਕੇ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ ਹੈ। ਐਨਜੀਟੀ ਦੀ ਟੀਮ ਦੇ ਮੈਂਬਰ ਐਸਸੀ ਅੱਗਰਵਾਲ ਨੇ ਨਗਰ ਕੌਂਸਲ ਵਿੱਚ ਚੱਲ ਰਹੀ ਗੁੱਟਬਾਜ਼ੀ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਅੜਿੱਕਾ ਦੱਸਿਆ ਸੀ।
ਸ੍ਰੀ ਸੀਚੇਵਾਲ ਨੇ ਕਿਹਾ ਕਿ ਸ਼ਹਿਰ ਦੇ ਵਿਚਕਾਰ ਕੂੜੇ ਦੇ ਡੰਪ ਬਣੇ ਹੋਏ ਹਨ ਅਤੇ ਪਾਣੀ ਦੀ ਬਦਬੂ ਆ ਰਹੀ ਹੈ, ਜੋ ਕਿ ਸਿਹਤ ਲਈ ਹਾਨੀਕਾਰਕ ਹੈ। ਇਸ ਮਾਮਲੇ ਨੂੰ ਜੇ ਲੋੜ ਪਈ ਤਾਂ ਰਾਜ ਸਭਾ ਵਿੱਚ ਵੀ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੁੱਧ ਹਵਾ-ਪਾਣੀ ਹਰ ਕਿਸੇ ਦਾ ਮੌਲਿਕ ਅਧਿਕਾਰ ਹੈ, ਪਰ ਹੋਇਆ ਬਿਲਕੁਲ ਇਸ ਦੇ ਉਲਟ ਹੈ ਕਿ ਹਵਾ ਪਾਣੀ ਅਤੇ ਧਰਤੀ ਤਿੰਨੇ ਦੂਸ਼ਿਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਬਹੁਤ ਪਹਿਲਾਂ ਯੋਜਨਾਵਾਂ ਬਣ ਜਾਣੀਆਂ ਚਾਹੀਦੀਆਂ ਸਨ ਅਤੇ ਲੋਕਾਂ ਲਈ ਪ੍ਰੇਸ਼ਾਨੀ ਬਣ ਰਹੇ ਗੰਦੇ ਪਾਣੀ ਨੂੰ ਸਾਫ਼ ਕਰ ਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ, ਪਰ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਇਹ ਹਾਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਕੂੜੇ ਨੂੰ ਵੱਖ ਕੀਤਾ ਜਾਵੇ ਤਾਂ ਇਹ ਢੇਰ ਨਹੀਂ ਲੱਗਣਗੇ।
ਇਸੇ ਦੌਰਾਨ ਮਾਨਸਾ ਸੰਘਰਸ਼ ਕਮੇਟੀ ਵੱਲੋਂ ਭਾਈ ਗੁਰਦਾਸ ਦੇ ਟੋਭੇ ਦੇ ਸਾਫ਼-ਸਫ਼ਾਈ ਅਤੇ ਗੰਦੇ ਪਾਣੀ ਪੱਕੇ ਹੱਲ ਲਈ ਮੰਗ ਦਾ ਮਾਮਲਾ ਐਨਜੀਟੀ ਦੀ ਟੀਮ ਕੋਲ ਰੱਖਿਆ ਗਿਆ। ਇਸ ਦੌਰਾਨ ਡੇਰਾ ਬਾਬਾ ਭਾਈ ਗੁਰਦਾਸ ਦੇ ਪ੍ਰਮੁੱਖ ਅੰਮ੍ਰਿਤ ਮੁਨੀ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਮਨਦੀਪ ਗੋਰਾ, ਡਾ. ਧੰਨਾ ਮੱਲ ਗੋਇਲ, ਕਾਮਰੇਡ ਕ੍ਰਿਸ਼ਨ ਚੌਹਾਨ, ਐਡਵੋਕੇਟ ਨਵਨੀਤ ਕੁਮਾਰ ਸਿੰਗਲ ਆਦਿ ਕੂੜੇ ਦੇ ਡੰਪ ਚੁਕਵਾਉਣ ਸਬੰਧੀ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਜਵਾਬਦੇਹ ਬਣਾਉਣ ਲਈ ਦਰਖ਼ਾਸਤ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਸੀਵਰੇਜ ਦੇ ਗੰਦੇ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ।