ਪੱਤਰ ਪ੍ਰੇਰਕ
ਬਾਘਾ ਪੁਰਾਣਾ, 31 ਅਗਸਤ
ਇਲਾਕੇ ਦੇ ਕਬਰਸਤਾਨਾਂ ਅਤੇ ਸ਼ਮਸ਼ਾਨਘਾਟਾਂ ਦੀ ਹਾਲਤ ਕਾਫ਼ੀ ਮਾੜੀ ਹੈ। ਕਸਬੇ ਦੇ ਕੁੱਲ ਚਾਰ ਸ਼ਮਸ਼ਾਨਘਾਟ ਹਨ, ਜਿਨ੍ਹਾਂ ਦੀ ਹਾਲਤ ਕੁਝ ਕੁ ਸਾਲ ਪਹਿਲਾਂ ਕਾਫ਼ੀ ਤਰਸਯੋਗ ਸੀ, ਪਰ ਸਰਕਾਰਾਂ ਦੇ ਮੂੰਹ ਵੱਲ ਗਰਾਂਟਾਂ ਲਈ ਤੱਕਦੇ ਲੋਕਾਂ ਨੇ ਆਖਰ ਆਪੋ-ਆਪਣੀਆਂ ਪੱਤੀਆਂ ਅਤੇ ਕਲੋਨੀਆਂ ਵਿੱਚ ਸੁਧਾਰ ਕਮੇਟੀਆਂ ਬਣਾਈਆਂ। ਬਾਘਾ ਪੱਤੀ, ਮੁਗਲੂ ਪੱਤੀ, ਪੁਰਾਣਾ ਪੱਤੀ ਅਤੇ ਸਥਾਨਕ ਸ਼ਹਿਰ ਦੀਆਂ ਹੋਰਨਾਂ ਕਲੋਨੀਆਂ ਵੱਲੋਂ ਭਾਵੇਂ ਸ਼ਮਸ਼ਾਨਘਾਟਾਂ ਦੀ ਦਿੱਖ ਤਾਂ ਸੁਧਾਰ ਲਈ ਗਈ ਹੈ, ਪਰ ਅਜੇ ਵੀ ਇੱਥੇ ਹੋਰ ਸਹੂਲਤਾਂ ਦੀ ਘਾਟ ਰੜਕਦੀ ਹੈ। ਸਭ ਤੋਂ ਤਰਸਯੋਗ ਹਾਲਤ ਇਥੋਂ ਦੇ ਕਬਰਸਤਾਨ ਦੀ ਹੈ। ਇੱਥੇ ਮੁਸਲਿਮ ਲੋਕਾਂ ਦੀ ਬਹੁਤੀ ਗਿਣਤੀ ਨਾ ਹੋਣ ਕਾਰਨ ਬਹੁਤਾ ਚੰਦਾ ਇਕੱਤਰ ਨਹੀਂ ਹੋ ਰਿਹਾ। ਕਬਰਸਤਾਨ ਵਿਚ ਬੈਠਣ ਲਈ ਵੀ ਕੋਈ ਜਗ੍ਹਾ ਦਾ ਪ੍ਰਬੰਧ ਨਹੀਂ ਹੈ। ਜਨਾਜ਼ਾ ਪੜ੍ਹਨ ਲਈ ਵੀ ਸ਼ੈੱਡ ਦਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਕਬਰਸਤਾਨ ਵਿਚ ਦਾਖ਼ਲ ਹੋਣ ਲਈ ਨਹਿਰ ਦੇ ਪੁਲ ਤੋਂ ਲੰਘਣਾ ਪੈਂਦਾ ਹੈ, ਜੋ ਸਿਰਫ਼ ਛੇ ਫੁੱਟ ਚੌੜਾ ਹੈ ਤੇ ਇਹ ਐਂਗਲਾਂ ਨਾਲ ਬਣਿਆ ਹੋਇਆ ਹੈ। ਕਬਰਸਤਾਨ ਵਿਚ ਸੇਵਾ ਕਰਨ ਵਾਲੇ ਭੋਲਾ ਖਾਨ (ਬੀਰਬਲ) ਨੇ ਦੱਸਿਆ ਕਿ ਸਰਕਾਰਾਂ ਨੇ ਉਨ੍ਹਾਂ ਦੀ ਹੁਣ ਤੱਕ ਕੋਈ ਸੁਣਵਾਈ ਨਹੀਂ ਕੀਤੀ।