ਜੋਗਿੰਦਰ ਸਿੰਘ ਮਾਨ
ਮਾਨਸਾ, 27 ਅਗਸਤ
ਇਥੋਂ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿੱਚ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਵਿਰੁੱਧ ਚੱਲ ਰਹੇ ਧਰਨੇ ਨੂੰ ਅੱਜ ਉਸ ਵੇਲੇ ਬਲ ਮਿਲਿਆ, ਜਦੋਂ ਕਾਲਜ ਪ੍ਰਸ਼ਾਸਨ ਵਿਦਿਆਰਥੀਆਂ ਦੀ ਮੰਗ ਅੱਗੇ ਝੁਕ ਗਿਆ। ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਪੀਟੀਏ ਫੰਡ ਨਾ ਦੇਣ ਲਈ ਅੜੇ ਹੋਏ ਸਨ। ਕਾਲਜ ਪ੍ਰਸ਼ਾਸਨ ਨੇ ਫੀਸ ਚਲਾਨ ਬਿਨਾਂ ਪੀਟੀਏ ਫੰਡ ਤੋਂ ਕੱਢਣੇ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਐਸ.ਸੀ/ ਐਸ.ਟੀ ਵਿਦਿਆਰਥੀਆਂ ਵੱਲੋਂ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਹੇਠ ਕਾਲਜ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਅੱਜ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਆਇਸਾ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਕਿਹਾ ਕਿ 23 ਅਗਸਤ ਤੋਂ ਪੀਟੀਏ ਫੰਡ ਮੁਆਫ਼ ਕਰਵਾਉਣ ਲਈ, ਜੋ ਸੰਘਰਸ਼ ਚੱਲ ਰਿਹਾ ਸੀ, ਉਹ ਹੁਣ ਵਿਦਿਆਰਥੀਆਂ ਦੀ ਇੱਕਮੁੱਠਤਾ ਅਤੇ ਜਜ਼ਬੇ ਸਦਕਾ ਜਿੱਤ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵਾਂਗ ਹੀ ਕਾਲਜ ਪ੍ਰਸ਼ਾਸਨ ਵਿੱਚ ਬੈਠੇ ਵੱਡੇ ਲੋਕ ਪ੍ਰਬੰਧਾਂ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਵਾਰ ਕਾਲਜ ਵੱਲੋਂ ਪੀਟੀਏ ਫੰਡ ਨੂੰ ਮੁਆਫ਼ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਇਸ ਵਾਰ ਵੀ ਅਜਿਹਾ ਹੀ ਹੋਇਆ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੰਦਗੜ੍ਹ ਤੋਂ ਇਲਾਵਾ ਸੁਖਜੀਤ ਰਾਮਾਨੰਦੀ, ਸੋਨੂੰ ਝੱਬਰ, ਅਨਮੋਲ ਖੋਖਰ, ਨਰਿੰਦਰ ਫਤਿਹਪੁਰ, ਗੁਰਬਲ ਫਤਿਹਪੁਰ, ਜਗਜੀਤ ਫਤਿਹਪੁਰ, ਜਸਪ੍ਰੀਤ ਖਿਆਲਾ, ਯਸੂ ਮਾਨਸਾ ਤੇ ਨਵਦੀਪ ਕੌਰ ਘੁਰਕਣੀ ਆਦਿ ਨੇ ਵੀ ਇਸ ਮੌਕੇ ਸੰਬੋਧਨ ਕੀਤਾ।