ਜੋਗਿੰਦਰ ਸਿੰਘ ਮਾਨ
ਮਾਨਸਾ, 19 ਦਸੰਬਰ
ਮਾਲਵਾ ਖੇਤਰ ਦੇ ਬਹੁਤੇ ਇਲਾਕਿਆਂ ਵਿੱਚ ਲੋਕ ਸਰਦੀ ਦੇ ਪ੍ਰਕੋਪ ਤੋਂ ਬਚਣ ਲਈ ਘਰਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਰਾਤ ਹੀ ਨਹੀਂ ਦਿਨ ਵੇਲੇ ਵੀ ਜ਼ਿਆਦਾ ਠੰਢ ਪੈ ਰਹੀ ਹੈ। ਮੌਸਮ ਮਹਿਕਮੇ ਮੁਤਾਬਕ 21 ਦਸੰਬਰ ਤੱਕ ਸ਼ੀਤ ਲਹਿਰ ਚੱਲਣ ਦੇ ਨਾਲ-ਨਾਲ ਪਾਲਾ ਜੰਮਣ ਦੀ ਸੰਭਾਵਨਾ ਹੈ। ਪੀਏਯੂ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਠੰਢ ਨੇ ਲੋਕਾਂ ਨੂੰ ਘਰਾਂ ’ਚੋਂ ਨਿਕਲਣਾ ਔਖਾ ਕਰ ਦਿੱਤਾ ਹੈ। ਉੱਧਰ, ਠੰਢ ਕਾਰਨ ਮਾਲਵਾ ਖੇਤਰ ਵਿੱਚ ਦਿਹਾੜੀ ਕਰ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਠੰਢ ਨੇ ਬਰੇਕਾਂ ਲਾ ਦਿੱਤੀਆਂ ਹਨ। ਮੌਸਮ ਦੀ ਮਾਰ ਕਾਰਨ ਇੱਕ ਪਾਸੇ ਰੁਜ਼ਗਾਰ ਮਿਲਣਾ ਮੁਸ਼ਕਲ ਹੋ ਗਿਆ ਹੈ ਜਦਕਿ ਪਰਿਵਾਰ ਦੇ ਪਾਲਣ-ਪੋਸ਼ਣ ਲਈ ਔਕੜਾਂ ਖੜ੍ਹੀਆਂ ਹੋ ਗਈਆਂ ਹਨ। ਝੁੱਗੀਆਂ-ਝੌਪੜੀਆਂ, ਢਾਰਿਆਂ ਅਤੇ ਕੱਚੇ ਮਕਾਨਾਂ ਵਿੱਚ ਰਹਿਣ ਵਾਲੇ ਗਰੀਬਾਂ ਪਾਸ ਠੰਢ ਤੋਂ ਬਚਾਅ ਲਈ ਨਾ ਹੀ ਲੋੜੀਂਦੇ ਕੱਪੜੇ-ਲੀੜੇ ਹਨ ਤੇ ਨਾ ਹੀ ਘਰ ਵਿੱਚ ਰਾਸ਼ਨ ਹੈ। ਭਾਵੇਂ ਅੱਜ ਸਾਰਾ ਦਿਨ ਮੌਸਮ ਨਿੱਖਰਿਆ ਰਹਿਣ ਕਾਰਨ ਨਿੱਘੀ ਧੁੱਪ ਨਿਕਲੀ ਰਹੀ, ਪਰ ਮੌਸਮ ਵਿਭਾਗ ਮੁਤਾਬਕ ਅਗਲੇ 3-4 ਦਿਨਾਂ ਲਈ ਹਲਕੀ ਤੋਂ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਡਾ. ਜੀ ਐੱਸ ਰੋਮਾਣਾ, ਡਾ. ਮਨਜੀਤ ਸਿੰਘ ਅਤੇ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਫ਼ਸਲਾਂ ਨੂੰ ਠੰਢ ਤੋਂ ਬਚਾਉਣ ਲਈ ਪਾਣੀ ਦੇਣਾ ਬੇਹੱਦ ਜ਼ਰੂਰੀ ਹੈ।